
ਤਰਨਤਾਰਨ, 9 ਮਾਰਚ, ਹ.ਬ. : ਤਰਨਤਾਰਨ ਦੇ ਰਾਜੋਕੇ ਵਿਖੇ ਭਾਰਤ-ਪਾਕਿ ਸਰਹੱਦ ’ਤੇ ਇੱਕ ਤਸਕਰ ਵੱਲੋਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆਂਦੀ ਗਈ ਸੀ। ਜਦੋਂ ਸੀਮਾ ਸੁਰੱਖਿਆ ਬਲ ਨੇ ਗੋਲੀ ਚਲਾ ਦਿੱਤੀ ਤਾਂ ਤਸਕਰ ਹੈਰੋਇਨ ਦੀ ਖੇਪ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬਰਾਮਦ ਕੀਤੀ ਗਈ ਖੇਪ ਇੱਕ ਕਿਲੋਗ੍ਰਾਮ ਤੋਂ ਵੱਧ ਹੈ। ਮਾਮਲਾ ਵੀਰਵਾਰ ਸਵੇਰੇ ਪੰਜ ਵਜੇ ਦਾ ਹੈ। ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪਿੰਡ ਰਾਜੋਕੇ ਸਥਿਤ ਭਾਰਤ-ਪਾਕਿ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਵੀਰਵਾਰ ਸਵੇਰੇ 5 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਕੰਡਿਆਲੀ ਤਾਰ ਦੇ ਕੋਲ ਕੁਝ ਹਿਲਜੁਲ ਦੇਖੀ ਗਈ। ਬੀਐਸਐਫ ਨੇ ਦੇਖਿਆ ਕਿ ਕੋਈ ਅਣਪਛਾਤਾ ਤਸਕਰ ਸ਼ੱਕੀ ਵਿਵਹਾਰ ਕਰ ਰਿਹਾ ਸੀ। ਚੇਤਾਵਨੀ ਦੇਣ ’ਤੇ ਉਹ ਉਥੋਂ ਭੱਜਣ ਲੱਗਾ। ਜਦੋਂ ਸੀਮਾ ਸੁਰੱਖਿਆ ਬਲ ਨੇ ਫਾਇਰਿੰਗ ਕੀਤੀ ਤਾਂ ਤਸਕਰ ਮੌਕੇ ਤੋਂ ਫਰਾਰ ਹੋ ਗਿਆ। ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਉਥੋਂ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਤਲਾਸ਼ੀ ਲੈਣ ’ਤੇ ਉਸ ’ਚੋਂ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀ ਕੀਮਤ ਕਰੀਬ 7 ਕਰੋੜ ਰੁਪਏ ਹੈ। ਫਿਲਹਾਲ ਖੇਪ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਸਕਰ ਦੀ ਭਾਲ ਵਿੱਚ ਸੀਮਾ ਸੁਰੱਖਿਆ ਬਲ ਦੀ ਟੀਮ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।