ਭਾਰਤ-ਪਾਕਿ ਸਰਹੱਦ ‘ਤੇ ਪਾਕਿ ਤਸਕਰ ਨੂੰ ਕੀਤਾ ਢੇਰ; 23 ਕਿੱਲੋ ਹੈਰੋਇਨ ਅਤੇ ਹਥਿਆਰ ਬਰਾਮਦ

ਅੰਮ੍ਰਿਤਸਰ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਪੁਲਿਸ (ਦਿਹਾਤੀ) ਨੇ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਨਾਲ ਸਾਂਝੀ ਕਾਰਵਾਈ ਤਹਿਤ ਨਸ਼ਿਆਂ ਦੇ ਕਾਰੋਬਾਰ ‘ਚ ਸ਼ਾਮਲ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਮੁਕਾਬਲੇ ਦੌਰਾਨ ਇਕ ਪਾਕਿਸਤਾਨੀ ਨਸ਼ਾ ਤਸਕਰ ਨੂੰ ਢਹਿ ਕਰ ਦਿੱਤਾ। ਇਹ ਆਪ੍ਰੇਸ਼ਨ ਪੰਜਾਬ ਪੁਲਿਸ ਵਲੋਂ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਲੋਪੋਕੇ ਪੁਲਿਸ ਥਾਣਾ ਦੇ ਅਧਿਕਾਰ ਖੇਤਰ ‘ਚ ਪੈਂਦੀ ਸਰਹੱਦ ਚੌਕੀ (ਬੀ.ਓ.ਪੀ.) ਕੱਕੜ ਫਾਰਵਰਡ ਖੇਤਰ ਵਿਚ ਚਲਾਇਆ ਗਿਆ।

Video Ad

ਇਹ ਸਾਂਝੀ ਕਾਰਵਾਈ ਉਸ ਥਾਂ ‘ਤੇ ਕੀਤੀ ਗਈ, ਜਿੱਥੇ ਸਰਹੱਦ ਪਾਰੋਂ ਤਸਕਰੀ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਜਿਸ ਦੌਰਾਨ 22 ਪੈਕਟ ਹੈਰੋਇਨ (ਲਗਭਗ 22.660 ਕਿਲੋ), ਇਕ ਸਾਈਗਾ – ਐਮ.ਕੇ. ਰਾਈਫਲ (2 ਮੈਗਜ਼ੀਨ ਅਤੇ 7.50 ਮਿਲੀਮੀਟਰ ਦੇ 24 ਜਿੰਦਾ ਕਾਰਤੂਸ), ਇੱਕ ਏ.ਕੇ- 47 ਰਾਈਫਲ (2 ਮੈਗਜੀਨਾਂ ਸਮੇਤ 7.62 ਐਮਐਮ ਦੇ 21 ਜਿੰਦਾ ਕਾਰਤੂਸ), ਪਾਕਿਸਤਾਨੀ ਕਰੰਸੀ, ਇੱਕ ਨੋਕੀਆ ਫੋਨ ਅਤੇ 2 ਪਾਕਿਸਤਾਨੀ ਸਿੰਮ (ਟੈਲੀਨੋਰ ਅਤੇ ਜੈਜ਼) ਅਤੇ 4 ਇੰਚ ਮੋਟਾਈ ਅਤੇ 15 ਫੁੱਟ ਲੰਬਾਈ ਵਾਲਾ ਨੀਲੇ ਰੰਗ ਦਾ ਇਕ ਪਾਈਪ (ਪਾਕਿਸਤਾਨ ਵਿਚ ਬਣਿਆ) ਬਰਾਮਦ ਕੀਤਾ।

ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਫ਼ੋਰਸ (ਕੇ.ਜੇਡ.ਐਫ) ਦੇ ਬੈਲਜੀਅਮ ਅਧਾਰਤ ਅੱਤਵਾਦੀ ਜਗਦੀਸ਼ ਭੂਰਾ ਅਤੇ ਉਸ ਦੇ ਭਾਰਤੀ ਸਾਥੀ ਜਸਪਾਲ ਸਿੰਘ, ਜੋ ਫਿਰੋਜਪੁਰ ਦੇ ਪਿੰਡ ਗੱਟੀ ਰਾਜੋਕੇ ਦਾ ਵਸਨੀਕ ਹੈ, ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਸਪਾਲ ਸਿੰਘ ਜੋ ਕਿ ਜਗਦੀਸ਼ ਭੂਰਾ ਨਾਲ ਨੇੜਲੇ ਸੰਪਰਕ ਵਿੱਚ ਸੀ ਅਤੇ ਉਹ ਅੰਮ੍ਰਿਤਸਰ ਖੇਤਰ ‘ਚ ਭਾਰਤ-ਪਾਕਿਸਤਾਨ ਸਰਹੱਦ ਪਾਰ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਦੀ ਤਸਕਰੀ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।

ਇਸ ਸਬੰਧ ‘ਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 23, 27-ਏ, 29, 61, 85, ਆਰਮਜ਼ ਐਕਟ ਦੀ ਧਾਰਾ 25, 27, 54, 59, ਫਾਰਨਰ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3, 34, 20 ਤਹਿਤ ਲੋਪੋਕੇ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਐਸ.ਐਸ.ਪੀ. (ਦਿਹਾਤੀ) ਧਰੁਵ ਦਹੀਆ ਨੇ ਦੱਸਿਆ ਕਿ ਜਸਪਾਲ ਸਿੰਘ ਦੇ ਪਾਕਿਸਤਾਨ ਆਈ.ਐਸ.ਆਈ. ਨਾਲ ਨੇੜਲੇ ਸਬੰਧ ਸਨ ਅਤੇ ਪਿਛਲੇ ਸਮੇਂ ਤੋਂ ਉਹ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਵਿਰੁੱਧ ਐਫ.ਆਈ.ਆਰ. ਨੰ. 64 ਮਿਤੀ 14.7.2020 ਧਾਰਾ 21, 23, 29, 61, 85 ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਅਮੀਰ ਖਾਸ, ਫਾਜਿਲਕਾ ਵਿਖੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਕੋਰੀਅਰਾਂ ਅਤੇ ਜਗਦੀਸ਼ ਭੂਰਾ ਦੇ ਸਹਿਯੋਗੀ ਜੋ ਕਿ ਭਾਰਤ ਅਤੇ ਪਾਕਿਸਤਾਨ ਸਰਹੱਦਾਂ ‘ਤੇ ਸਰਗਰਮ ਹਨ ਅਤੇ ਭਾਰਤੀ ਸਹਿਯੋਗੀਆਂ ਨਾਲ ਵਿਦੇਸ਼ਾਂ ਵਿੱਚ ਕਾਰਜਸ਼ੀਲ ਸਨ, ਦੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਜਸਪਾਲ ਸਿੰਘ ਦੀ ਗ੍ਰਿਫ਼ਤਾਰੀ ਨਾਲ ਬਰਾਮਦ ਹੋਈ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Video Ad