Home ਭਾਰਤ ਭਾਰਤ ਸਮੇਤ 5 ਸਮੁੰਦਰੀ ਫ਼ੌਜਾਂ ਨੇ ਸ਼ੁਰੂ ਕੀਤਾ ਤਿੰਨ ਦਿਨਾ ਮੈਗਾ ਜੰਗੀ ਅਭਿਆਸ

ਭਾਰਤ ਸਮੇਤ 5 ਸਮੁੰਦਰੀ ਫ਼ੌਜਾਂ ਨੇ ਸ਼ੁਰੂ ਕੀਤਾ ਤਿੰਨ ਦਿਨਾ ਮੈਗਾ ਜੰਗੀ ਅਭਿਆਸ

0
ਭਾਰਤ ਸਮੇਤ 5 ਸਮੁੰਦਰੀ ਫ਼ੌਜਾਂ ਨੇ ਸ਼ੁਰੂ ਕੀਤਾ ਤਿੰਨ ਦਿਨਾ ਮੈਗਾ ਜੰਗੀ ਅਭਿਆਸ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੂਰਬੀ ਹਿੰਦ ਮਹਾਸਾਗਰ ‘ਚ ਤਿੰਨ ਦਿਨਾ ਮੈਗਾ ਸਮੁੰਦਰੀ ਫ਼ੌਜ ਦਾ ਜੰਗੀ ਅਭਿਆਸ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਇਸ ‘ਚ ਫ਼ਰਾਂਸ ਦੇ ਨਾਲ ਹੀ ਭਾਰਤ ਤੇ ਤਿੰਨ ਹੋਰ ਕਵਾਡ ਮੈਂਬਰ ਦੇਸ਼ ਸ਼ਾਮਲ ਹੋਏ ਹਨ ਤਾਂ ਕਿ ਇਸ ਖੇਤਰ ‘ਚ ਵਧਦੇ ਰਣਨੀਤਕ ਸਹਿਯੋਗ ਦਾ ਮੁੜ ਟੀਚਾ ਤੈਅ ਹੋ ਸਕੇ। ਅਧਿਕਾਰੀਆਂ ਨੇ ਕਿਹਾ ਕਿ ਬਹੁ-ਆਯਾਮੀ ਫ਼ੌਜੀ ਅਭਿਆਸ ‘ਲਾਅ ਪੈਰੋਜ’ ‘ਚ ਭਾਰਤੀ ਸਮੁੰਦਰੀ ਫ਼ੌਜ ਜਹਾਜ਼ ਸਤਪੁਰਾ ਤੇ ਕਿਲਤਨ ਨਾਲ ਹੀ ਲੰਬੀ ਦੂਰੀ ਦੀ ਪੈਟ੍ਰੋਲਿੰਗ ਲਈ ਸਮੁੰਦਰੀ ਫ਼ੌਜ ਦਾ ਜਹਾਜ਼ ਪੀ-8ਆਈ ਵੀ ਸ਼ਾਮਲ ਹੋ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਭਿਆਸ ਦੌਰਾਨ ਭਾਰਤੀ ਸਮੁੰਦਰੀ ਫ਼ੌਜ ਦੇ ਜਹਾਜ਼ ਫ਼ਰਾਂਸ, ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਦੇ ਜੰਗੀ ਬੇੜਿਆਂ ਨਾਲ ਜੰਗੀ ਅਭਿਆਸ ਕਰਨਗੇ। ਭਾਰਤੀ ਸਮੁੰਦਰੀ ਫ਼ੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ ਕਿ ਇਸ ਫ਼ੌਜੀ ਅਭਿਆਸ ‘ਚ ਗੁੰਝਲਦਾਰ ਤੇ ਅਤਿ-ਆਧੁਨਿਕ ਸਮੁੰਦਰੀ ਫ਼ੌਜ ਅਭਿਆਸ ਸਮੇਤ ਸਤ੍ਹਾ ਤੋਂ ਹਮਲਾ, ਹਵਾਈ ਹਮਲੇ ਰੋਕਣ ਦੀ ਜੰਗੀ ਪ੍ਰਣਾਲੀ ਤੇ ਹਵਾਈ ਸੁਰੱਖਿਆ ਫ਼ੌਜ ਅਭਿਆਸ ਹੋਣਗੇ।

ਇਸ ਫ਼ੌਜੀ ਅਭਿਆਸ ਨਾਲ ਵੱਖ-ਵੱਖ ਮਿੱਤਰ ਦੇਸ਼ਾਂ ਦੀਆਂ ਸਮੁੰਦਰੀ ਫ਼ੌਜਾਂ ਵਿਚਾਲੇ ਬਿਹਤਰ ਤਾਲਮੇਲ ਤੇ ਸਦਭਾਵਨਾ ਦੀ ਵਿਵਸਥਾ ਹੋਵੇਗੀ। ਮਧਵਾਲ ਨੇ ਕਿਹਾ ਕਿ ਮੇਜ਼ਬਾਨ ਦੇਸ਼ ਫ਼ਰਾਂਸ ਤੋਂ ਇਲਾਵਾ ਕਵਾਡ ਗੱਠਜੋੜ ਦੇ 4 ਹੋਰ ਮੈਂਬਰ ਦੇਸ਼ ਵੀ ਸ਼ਾਮਲ ਹੋਏ ਹਨ। ਭਾਰਤ ਨੇ ਅਮਰੀਕਾ, ਜਾਪਾਨ, ਆਸਟ੍ਰੇਲੀਆ ਤੇ ਫਰਾਂਸ ਦੀ ਸਮੁੰਦਰੀ ਫ਼ੌਜ ਨਾਲ ਫ਼ੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ।