
ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਦਾ ਦੌਰਾ ਕਰਨ ਆਏ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਭਾਰਤ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਜਦੋਂ ਅਮਰੀਕਾ ਦੇ ਰੱਖਿਆ ਮੰਤਰੀ ਨੂੰ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਖ਼ਾਸਕਰ ਉੱਤਰ-ਪੂਰਬ ਦੇ ਮੁਸਲਮਾਨਾਂ ਵਿਰੁੱਧ ਕਥਿਤ ਵਿਤਕਰੇ ਬਾਰੇ ਗੱਲ ਕੀਤੀ ਹੈ ਤਾਂ ਉਨ੍ਹਾਂ ਕਿਹਾ, “ਮੈਨੂੰ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। ਮੈਂ ਇਸ ਮੁੱਦੇ ਨੂੰ ਦੂਜੇ ਮੰਤਰੀਆਂ ਨਾਲ ਵਿਚਾਰਿਆ ਹੈ।”
ਆਸਟਿਨ ਦੀ ਫੇਰੀ ਤੋਂ ਠੀਕ ਪਹਿਲਾਂ ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਨੇ ਉਨ੍ਹਾਂ ਨੂੰ ਭਾਰਤ ‘ਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਚਿੱਠੀ ਲਿਖਿਆ ਸੀ। ਕਮੇਟੀ ਦੇ ਮੁਖੀ ਨੇ ਕਿਸਾਨ ਅੰਦੋਲਨ ਸਬੰਧੀ ਹੋਈਆਂ ਕਾਰਵਾਈਆਂ, ਪੱਤਰਕਾਰਾਂ ਦੀ ਗ੍ਰਿਫ਼ਤਾਰੀ ਜਿਹੇ ਕਈ ਅਹਿਮ ਮੁੱਦਿਆਂ ‘ਤੇ ਚਿੰਤਾ ਪ੍ਰਗਟਾਈ ਸੀ।
ਅਸਟਿਨ ਨੇ ਇਹ ਵੀ ਕਿਹਾ ਕਿ ਭਾਰਤ ਨੇ ਅਜੇ ਤਕ ਰੂਸ ਦੀ ਐਸ-400 ਮਿਜ਼ਾਈਲ ਪ੍ਰਣਾਲੀ ਨਹੀਂ ਖਰੀਦੀ ਹੈ। ਇਸ ਲਈ ਅਮਰੀਕਾ ਦੀਆਂ ਸੰਭਾਵਿਤ ਪਾਬੰਦੀਆਂ ਦੇ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਹੋਈ।
ਇਸ ਤੋਂ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸਨਿੱਚਰਵਾਰ ਸਵੇਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਵਾਂ ਰੱਖਿਆ ਮੰਤਰੀਆਂ ਦੇ ਸਾਂਝੇ ਬਿਆਨ ‘ਚ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਆਪਣੇ ਫ਼ੌਜੀ ਸਬੰਧਾਂ ਨੂੰ ਅੱਗੇ ਵਧਾ ਰਹੇ ਹਨ। ਦੋਵਾਂ ਦੇਸ਼ਾਂ ਦੀ ਇਸ ਬੈਠਕ ‘ਚ ਰੱਖਿਆ ਸਹਿਯੋਗ, ਉੱਭਰ ਰਹੇ ਖੇਤਰਾਂ ‘ਚ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਆਪਸੀ ਲੌਜਿਸਟਿਕ ਸਪੋਰਟ ਸਮੇਤ ਕਈ ਹੋਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਸੀ।
ਅਮਰੀਕਾ ਕਦੇ ਨਹੀਂ ਮੰਨ ਸਕਦਾ ਕਿ ਭਾਰਤ ਤੇ ਚੀਨ ਯੁੱਧ ਦੇ ਰਾਹ ‘ਤੇ ਹਨ
ਅਮਰੀਕੀ ਰੱਖਿਆ ਮੰਤਰੀ ਨੇ ਭਾਰਤ-ਚੀਨ ਵਿਵਾਦ ਬਾਰੇ ਇਕ ਬਿਆਨ ਦਿੱਤਾ। ਪਿਛਲੇ ਸਾਲ ਭਾਰਤ ਅਤੇ ਚੀਨ ਵਿਚਾਲੇ ਹੋਏ ਫ਼ੌਜੀ ਟਕਰਾਅ ਬਾਰੇ ਲੋਇਡ ਆਸਟਿਨ ਨੇ ਕਿਹਾ, “ਅਮਰੀਕਾ ਕਦੇ ਨਹੀਂ ਮੰਨ ਸਕਦਾ ਕਿ ਭਾਰਤ ਅਤੇ ਚੀਨ ਯੁੱਧ ਦੇ ਰਾਹ ‘ਤੇ ਹਨ।” ਆਸਟਿਨ ਨੇ ਇਹ ਗੱਲ ਨਵੀਂ ਦਿੱਲੀ ‘ਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੀ। ਦਰਅਸਲ, ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਸੰਯੁਕਤ ਰਾਜ ਅਮਰੀਕਾ ਨੂੰ ਕਦੇ ਮਹਿਸੂਸ ਹੋਇਆ ਸੀ ਕਿ ਪਿਛਲੇ ਸਾਲ ਭਾਰਤ ਤੇ ਚੀਨ ਵਿਚਾਲੇ ਜੰਗ ਹੋ ਸਕਦੀ ਹੈ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ, “ਅਸੀਂ ਕਦੇ ਵਿਸ਼ਵਾਸ ਨਹੀਂ ਕੀਤਾ ਕਿ ਭਾਰਤ ਅਤੇ ਚੀਨ ਯੁੱਧ ਦੇ ਰਾਹ ‘ਤੇ ਹਨ।”

