
ਮੁੰਬਈ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਨਸੁਖ ਹਿਰੇਨ ਦੇ ਕਤਲ ਮਾਮਲੇ ਵਿੱਚ ਲਗਾਤਾਰ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਦਾਲਤ ਨੂੰ ਦੱਸਿਆ ਕਿ ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਝੇ ਅਤੇ ਵਿਨਾਇਕ ਸ਼ਿੰਦੇ ਉਸ ਬੈਠਕ ਵਿੱਚ ਸ਼ਾਮਲਸਨ, ਜਿਸ ਵਿੱਚ ਮਨਸੁਖ ਹਿਰੇਨ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਏਜੰਸੀ ਨੇ ਇਹ ਵੀ ਕਿਹਾ ਕਿ ਸਚਿਨ ਵਾਝੇ ਨੇ ਇੱਕ ਸਾਜ਼ਿਸ਼ਘਾੜੇ ਨਾਲ ਗੱਲ ਕਰਨ ਲਈ ਇੱਕ ਮੋਬਾਇਲ ਫੋਨ ਦੀ ਵਰਤੋਂ ਕੀਤੀ ਸੀ।
ਐਨਆਈਏ ਨੇ ਇਹ ਵੀ ਕਿਹਾ ਕਿ ਉਹ ਸਾਜ਼ਿਸ਼ ਅਤੇ ਅਪਰਾਧ ਦੇ ਪਿੱਛੇ ਦੇ ਮਕਸਦ ਤੋਂ ਪਰਦਾ ਚੁੱਕਣ ਦੇ ਨੇੜੇ ਹੈ। ਮਨਸੁਖ ਹਿਰੇਨ ਦੇ ਕਤਲ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਵਿਨਾਇਕ ਸ਼ਿੰਦੇ ਅਤੇ ਕ੍ਰਿਕਟ ਸਟੋਰੀਏ ਨਰੇਸ਼ ਗੌਰ ਦੀ ਐਨਆਈਏ ਹਿਰਾਸਤ ਮੰਗਲਵਾਰ ਨੂੰ 7 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਦੱਖਣੀ ਮੁੰਬਈ ਵਿੱਚ ਅੰਟੀਲੀਆ ਦੇ ਬਾਹਰ 25 ਫਰਵਰੀ ਨੂੰ ਮਿਲੀ, ਧਮਾਕਾਖੇਜ਼ ਸਮੱਗਰੀ ਨਾਲ ਭਰੀ ਐਸਯੂਵੀ ਗੱਡੀ ਕਥਿਤ ਤੌਰ ’ਤੇ ਮਨਸੁਖ ਹਿਰੇਨ ਦੀ ਸੀ। ਹਿਰੇਨ ਦੀ ਲਾਸ਼ 5 ਮਾਰਚ ਨੂੰ ਠਾਣੇ ਦੇ ਮੁੰਬਰਾ ਕ੍ਰੀਕ ਵਿੱਚੋਂ ਮਿਲੀ ਸੀ।
ਮਹਾਰਾਸ਼ਟਰ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਇਸ ਮਾਮਲੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮੁਅੱਤਲ ਕਾਂਸਟੇਬਲ ਸ਼ਿੰਦੇ ਤੇ ਕ੍ਰਿਕਟ ਸਟੋਰੀਏ ਨਰੇਸ਼ ਗ਼ੌਰ ਨੂੰ ਗ੍ਰਿਫਤਾਰ ਕੀਤਾ ਸੀ। ਐਨਆਈਏ ਨੇ ਇਨ੍ਹਾਂ ਦੋਵਾਂ ਨੂੰ ਪਿਛਲੇ ਹਫ਼ਤੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਹਿਰਾਸਤ ਦਾ ਸਮਾਂ ਪੂਰਾ ਹੋਣ ’ਤੇ ਅੱਜ ਵਿਸ਼ੇਸ਼ ਐਨਆਈਏ ਜੱਜ ਪੀ.ਆਰ. ਸਿਤਰੇ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਮਾਮਲੇ ਵਿੱਚ ਅੱਗੇ ਦੀ ਜਾਂਚ ਲਈ ਦੋਵਾਂ ਦੀ ਐਨਆੲਾਂੀਏ ਹਿਰਾਸਤ 7 ਅਪ੍ਰੈਲ ਤੱਕ ਵਧਾ ਦਿੱਤੀ। ਵਿਨਾਇਕ ਸ਼ਿੰਦੇ ਦੇ ਵਕੀਲ ਗ਼ੌਤਮ ਜੈਨ ਨੇ ਅਦਾਲਤ ਨੂੰ ਕਿਹਾ ਕਿ ਸ਼ਿੰਦੇ ਦੀ ਹਿਰਾਸਤ ਦੀ ਲੋੜ ਨਹੀਂ ਹੈ, ਕਿਉਂਕਿ ਉਹ ਲਗਭਗ 9 ਦਿਨ ਜਾਂਚ ਏਜੰਸੀਆਂ ਦੀ ਹਿਰਾਸਤ ਵਿੱਚ ਰਿਹਾ ਹੈ। ਨਰੇਸ਼ ਗੌਰ ਦੇ ਵਕੀਲ ਆਫ਼ਤਾਬ ਡਾਇਮੰਡਵਾਲੇ ਨੇ ਕਿਹਾ ਕਿ ਨਰੇਸ਼ ਗ਼ੌਰ ਦੀ ਭੂਮਿਕਾ ਸਿਮ ਕਾਰਡ ਦਿਵਾਉਣ ਤੱਕ ਸੀਮਤ ਸੀ ਅਤੇ ਉਹ ਕਤਲ ਮਾਮਲੇ ਨਾਲ ਨਹੀਂ ਜੁੜਿਆ ਹੈ। ਉਨ੍ਹਾਂ ਕਿਹਾ ਕਿ ਗ਼ੌਰ ਨੂੰ ਮਾਮਲੇ ਵਿੱਚ ਗ਼ਲਤ ਫਸਾਇਆ ਗਿਆ ਹੈ।