Home ਭਾਰਤ ਮਨੂੰ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ

ਮਨੂੰ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ

0
ਮਨੂੰ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ

ਮੁੰਬਈ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਸੌਰਭ ਚੌਧਰੀ ਅਤੇ ਮਨੂ ਭਾਕਰ ਨੇ ਦਿੱਲੀ ਵਿਖੇ ਚੱਲ ਰਹੀ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ‘ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ। ਭਾਰਤੀ ਜੋੜੀ ਨੇ ਫਾਈਨਲ ‘ਚ ਈਰਾਨ ਦੇ ਗੋਲਨੋਸ਼ ਸੇਬਹਾਤੋਲਾਹੀ ਅਤੇ ਜਾਵੇਦ ਫ਼ੋਰੋਗੀ ਨੂੰ 16-12 ਨਾਲ ਹਰਾਇਆ। ਦੂਜੀ ਸੀਰੀਜ਼ ਤੋਂ ਬਾਅਦ ਭਾਰਤੀ ਜੋੜੀ 0-4 ਨਾਲ ਪਿੱਛੇ ਸੀ, ਪਰ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਮੌਜੂਦਾ ਸ਼ੂਟਿੰਗ ਵਿਸ਼ਵ ਕੱਪ ‘ਚ ਇਹ ਭਾਰਤ ਦਾ ਪੰਜਵਾਂ ਸੋਨ ਤਗਮਾ ਹੈ।
ਈਰਾਨ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ, ਪਰ ਇਕ ਵਾਰ ਜਦੋਂ ਭਾਰਤੀ ਜੋੜੀ ਨੇ ਵਾਪਸੀ ਕੀਤੀ ਤਾਂ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਸੋਨ ਤਮਗਾ ਹਾਸਲ ਕੀਤਾ। ਭਾਰਤ ਦੀ ਯਸ਼ਸਵਿਨੀ ਸਿੰਘ ਦੇਸਵਾਲ ਅਤੇ ਅਭਿਸ਼ੇਕ ਵਰਮਾ ਨੇ ਤੁਰਕੀ ਦੀ ਸੇਵਲਾ ਇਲੈਡਾ ਤਾਰਹਾਨ ਅਤੇ ਇਸਮਾਈਲ ਕੈਲੇਸ ਨੂੰ 17-13 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਮਿਕਸਡ ਈਵੈਂਟ ‘ਚ ਭਾਰਤੀ ਟੀਮ ਨੇ ਸੋਨ ਤਗਮਾ ਜਿੱਤਿਆ। ਦਿਵਯਾਂਸ਼ ਸਿੰਘ ਤੇ ਇਲੇਵਨਿਲ ਵਲਾਰਿਵਾਨ ਦੀ ਜੋੜੀ ਨੇ ਫਾਈਨਲ ‘ਚ ਹੰਗਰੀ ਦੀ ਟੀਮ ਨੂੰ 16-10 ਨਾਲ ਹਰਾਇਆ। ਦਿਵਯਾਂਸ਼ ਦਾ ਇਸ ਟੂਰਨਾਮੈਂਟ ‘ਚ ਇਹ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਉਸ ਨੇ 10 ਮੀਟਰ ਏਅਰ ਰਾਈਫ਼ਲ ਮੈਨਜ਼ ਈਵੈਂਟ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਭਾਰਤ ਨੇ ਟੂਰਨਾਮੈਂਟ ‘ਚ ਹੁਣ ਤਕ ਕੁੱਲ 12 ਤਮਗੇ ਜਿੱਤੇ ਹਨ, ਜਿਨ੍ਹਾਂ ‘ਚ 5 ਸੋਨੇ, 3 ਚਾਂਦੀ ਅਤੇ 4 ਕਾਂਸੀ ਸ਼ਾਮਲ ਹਨ। ਭਾਰਤੀ ਟੀਮ ਇਸ ਸਮੇਂ ਟੂਰਨਾਮੈਂਟ ਦੇ ਸਿਖਰ ‘ਤੇ ਹੈ।

ਵਿਸ਼ਵ ਕੱਪ ‘ਚ 53 ਦੇਸ਼ਾਂ ਦੇ 297 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ
ਸ਼ੁੱਕਰਵਾਰ ਨੂੰ ਸ਼ੁਰੂ ਹੋਏ ਆਈਐਸਐਸਐਫ ਸ਼ੂਟਿੰਗ ਵਿਸ਼ਵ ਕੱਪ ਇਵੈਂਟ ‘ਚ 53 ਦੇਸ਼ਾਂ ਦੇ 297 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਇਸ ‘ਚ ਭਾਰਤ ਦੇ 57 ਨਿਸ਼ਾਨੇਬਾਜ਼ ਵੀ ਸ਼ਾਮਲ ਹਨ। ਅਮਰੀਕਾ, ਕੋਰੀਆ, ਯੂਏਈ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਨਿਸ਼ਾਨੇਬਾਜ਼ ਦਿੱਲੀ ‘ਚ ਬਾਇਓ-ਬਬਲ ‘ਚ ਹਨ। ਉੱਥੇ ਹੀ ਜਾਪਾਨ, ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਕੁਵੈਤ ਦੇ ਨਿਸ਼ਾਨੇਬਾਜ਼ ਸ਼ਾਮਲ ਨਹੀਂ ਹੋਏ ਹਨ।