ਮਮਤਾ ਨੇ ਨੰਦੀਗ੍ਰਾਮ ‘ਚ ਵੱਡੀ ਜਿੱਤ ਦਾ ਦਾਅਵਾ ਕੀਤਾ – ਕਿਹਾ, ਟੀਐਮਸੀ ਨੂੰ 90% ਵੋਟਾਂ ਮਿਲ ਰਹੀਆਂ ਹਨ

ਕੋਲਕਾਤਾ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਵੋਟਿੰਗ ਪੂਰੀ ਹੋ ਗਈ ਹੈ। ਇਸ ਵਿਚਕਾਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿਧਾਨ ਸਭਾ ਸੀਟ ਉੱਤੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ। ਭਾਜਪਾ ਦੇ ਆਗੂ ਸ਼ੁਭੇਂਦੁ ਅਧਿਕਾਰੀ ਵਿਰੁੱਧ ਚੋਣ ਮੈਦਾਨ ‘ਚ ਡਟੀ ਬੰਗਾਲ ਦੀ ਮੁੱਖ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਟੀਐਮਸੀ ਨੂੰ ਨੰਦੀਗ੍ਰਾਮ ‘ਚ 90 ਫ਼ੀਸਦੀ ਵੋਟਾਂ ਮਿਲ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ‘ਤੇ ਸਖ਼ਤ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਕਿਹਾ, “ਮੈਂ ਨੰਦੀਗ੍ਰਾਮ ਤੋਂ ਚਿੰਤਤ ਨਹੀਂ ਹਾਂ ਪਰ ਮੈਂ ਲੋਕਤੰਤਰ ਤੋਂ ਚਿੰਤਤ ਹਾਂ। ਮੈਂ ਮਾਂ, ਮਾਟੀ ਤੇ ਮਾਨੁਸ਼ ਦੇ ਅਸ਼ੀਰਵਾਦ ਨਾਲ ਨੰਦੀਗ੍ਰਾਮ ਤੋਂ ਜਿੱਤ ਰਹੀ ਹਾਂ।”

Video Ad

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਛਮੀ ਬੰਗਾਲ ਰੈਲੀ ‘ਤੇ ਸਵਾਲ ਚੁੱਕਦਿਆਂ ਮਮਤਾ ਬੈਨਰਜੀ ਨੇ ਕਿਹਾ, “ਚੋਣ ਕਮਿਸ਼ਨ ਭਾਜਪਾ ਉਮੀਦਵਾਰ ਦਾ ਸਮਰਥਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵੋਟ ਪਾਉਣ ਲਈ ਕਿਉਂ ਰੈਲੀ ਕਰਦੇ ਹਨ? ਅਜਿਹੀ ਖਰਾਬ ਚੋਣ ਵਿਵਸਥਾ ਅਸੀਂ ਕਦੇ ਨਹੀਂ ਵੇਖੀ।”

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਗੁੰਡਿਆਂ ਨੇ ਇੱਥੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੱਲੋਂ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਸੀਂ ਇਸ ਵਿਰੁੱਧ ਅਦਾਲਤ ਜਾਵਾਂਗੇ।

ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਰਾਜਪਾਲ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਲੋਕਾਂ ਨੂੰ ਵੋਟ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਮੈਂ ਸਵੇਰ ਤੋਂ ਇੱਥੇ ਹੀ ਹਾਂ। ਹੁਣ ਮੈਂ ਤੁਹਾਨੂੰ ਅਪੀਲ ਕਰ ਰਹੀ ਹਾਂ। ਕਿਰਪਾ ਕਰਕੇ ਵੇਖੋ….।” ਟੀਐਮਸੀ ਪ੍ਰਧਾਨ ਮਮਤਾ ਨੇ ਕਿਹਾ ਕਿ ਸਵੇਰ ਤੋਂ ਹੀ ਅਸੀਂ ਸ਼ਿਕਾਇਤਾਂ ਕਰ ਚੁੱਕੇ ਹਾਂ, ਇਕ ਵੀ ਕਾਰਵਾਈ ਨਹੀਂ ਕੀਤੀ ਗਈ। ਮਮਤਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਬਾਹਰੀ ਲੋਕਾਂ ਨੂੰ ਲਿਆ ਕੇ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Video Ad