ਮਮਤਾ ਬੈਨਰਜੀ ਕਿਮ ਜੋਂਗ ਦੇ ਸਟਾਈਲ ‘ਚ ਚੱਲ ਰਹੀ ਹੈ, ਉਹ ਵਿਰੋਧੀਆਂ ਦੀ ਹੱਤਿਆ ਕਰਨਾ ਚਾਹੁੰਦੀ ਹੈ : ਗਿਰੀਰਾਜ ਸਿੰਘ

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਦੇ ਭਰਾ ਦੀ ਵਾਹਨ ‘ਤੇ ਹੋਏ ਹਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆਸ ਹੈ। ਉਨ੍ਹਾਂ ਨੇ ਮਮਤਾ ਬੈਨਰਜੀ ‘ਤੇ ਆਪਣੇ ਵਿਰੋਧੀਆਂ ਦੀ ਹੱਤਿਆ ਕਰਨ ਦੀ ਇੱਛਾ ਰੱਖਣ ਦਾ ਦੋਸ਼ ਲਗਾਇਆ ਹੈ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮਮਤਾ ਬੈਨਰਜੀ ਨੂੰ ਹਤਾਸ਼ ਦੱਸਿਆ ਅਤੇ ਸੀਪੀ (ਐਮ) ਨਾਲ ਉਨ੍ਹਾਂ ਦੀ ਤੁਲਨਾ ਕੀਤੀ। ਉਨ੍ਹਾਂ ਕਿਹਾ, “ਇਹ ਮਮਤਾ ਬੈਨਰਜੀ ਦੀ ਨਿਰਾਸ਼ਾ ਕਾਰਨ ਹੋਇਆ ਹੈ। ਇਹ (ਮਮਤਾ ਬੈਨਰਜੀ) ਹੁਣ ਸੀਪੀ (ਐਮ) ਤੋਂ ਵੀ ਅੱਗੇ ਵੱਧ ਗਈ ਹੈ। ਉਹ ਕੋਰੀਆ ਦੇ ਨੇਤਾ ਕਿਮ ਜੋਂਗ ਦੇ ਸਟਾਈਲ ‘ਚ ਚੱਲ ਰਹੀ ਹੈ। ਆਪਣੇ ਵਿਰੋਧੀਆਂ ਦੀ ਹੱਤਿਆ ਕਰਨਾ ਚਾਹੁੰਦੀ ਹੈ।”
ਜ਼ਿਕਰਯੋਗ ਹੈ ਕਿ ਕਿਸੇ ਸਮੇਂ ਮਮਤਾ ਬੈਨਰਜੀ ਦੇ ਨਜ਼ਦੀਕੀ ਰਹੇ ਸ਼ੁਭੇਂਦੁ ਅਧਿਕਾਰੀ ਹੁਣ ਉਨ੍ਹਾਂ ਨੂੰ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੁਣੌਤੀ ਦੇ ਰਹੇ ਹਨ। ਸ਼ੁਬੇਂਦੁ ਅਧਿਕਾਰੀ ਪਹਿਲਾਂ ਟੀਐਮਸੀ ‘ਚ ਸਨ ਅਤੇ ਮਮਤਾ ਬੈਨਰਜੀ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਪਰ ਉਹ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ ਅਤੇ ਹੁਣ ਬੈਨਰਜੀ ਦੇ ਵਿਰੁੱਧ ਚੋਣ ਮੈਦਾਨ ‘ਚ ਹਨ।
ਦੱਸ ਦੇਈਏ ਕਿ ਪੱਛਮੀ ਬੰਗਾਲ ‘ਚ ਸ਼ਨਿੱਚਰਵਾਰ ਨੂੰ ਪਹਿਲੇ ਗੇੜ ਤਹਿਤ 30 ਸੀਟਾਂ ‘ਤੇ ਵੋਟਿੰਗ ਹੋਈ। ਇਨ੍ਹਾਂ 30 ਸੀਟਾਂ ‘ਚੋਂ ਜਿਨ੍ਹਾਂ 13 ਸੀਟਾਂ ‘ਤੇ ਵੋਟਾਂ ਪਈਆਂ, ਉਨ੍ਹਾਂ ‘ਤੇ ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦਾ ਦਬਦਬਾ ਮੰਨਿਆ ਜਾਂਦਾ ਹੈ। ਇਹ ਸਾਰੀਆਂ ਸੀਟਾਂ ਮਿਦਨਾਪੁਰ ਇਲਾਕੇ ਤਹਿਤ ਆਉਂਦੀਆਂ ਹਨ। ਇਸ ਦੌਰਾਨ ਮਿਦਨਾਪੁਰ ਇਲਾਕੇ ਦੇ ਕਾਂਠੀ ਖੇਤਰ ‘ਚ ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦੇ ਭਰਾ ਸੌਮੇਂਦੁ ਅਧਿਕਾਰੀ ਦੇ ਕਾਫ਼ਲੇ ‘ਤੇ ਹਮਲਾ ਹੋਇਆ। ਹਮਲੇ ‘ਚ ਗੱਡੀ ਚਾਲਕ ਜ਼ਖ਼ਮੀ ਹੋਇਆ ਸੀ। ਸੌਮੇਂਦੁ ਅਧਿਕਾਰੀ ਨੇ ਦੱਸਿਆ ਕਿ ਹਮਲੇ ‘ਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ, ਪਰ ਹਮਲਾਵਰਾਂ ਵੱਲੋਂ ਗੱਡੀ ਦੇ ਚਾਲਕ ਨੂੰ ਕੁੱਟਿਆ ਗਿਆ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Video Ad
Video Ad