Home ਨਜ਼ਰੀਆ ਮਮਤਾ ਬੈਨਰਜੀ ਦਾ ਓਵੈਸੀ ‘ਤੇ ਹਮਲਾ – ਭਾਜਪਾ ਤੋਂ ਪੈਸੇ ਲੈ ਕੇ ਬੰਗਾਲ ‘ਚ ਚੋਣਾਂ ਲੜ ਰਹੇ ਹਨ

ਮਮਤਾ ਬੈਨਰਜੀ ਦਾ ਓਵੈਸੀ ‘ਤੇ ਹਮਲਾ – ਭਾਜਪਾ ਤੋਂ ਪੈਸੇ ਲੈ ਕੇ ਬੰਗਾਲ ‘ਚ ਚੋਣਾਂ ਲੜ ਰਹੇ ਹਨ

0
ਮਮਤਾ ਬੈਨਰਜੀ ਦਾ ਓਵੈਸੀ ‘ਤੇ ਹਮਲਾ – ਭਾਜਪਾ ਤੋਂ ਪੈਸੇ ਲੈ ਕੇ ਬੰਗਾਲ ‘ਚ ਚੋਣਾਂ ਲੜ ਰਹੇ ਹਨ

ਕੋਲਕਾਤਾ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਮੁਖੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਚੋਣਾਂ ‘ਚ ਭਾਜਪਾ ਨੂੰ ਲਾਭ ਪਹੁੰਚਾ ਰਹੇ ਹਨ। ਸ਼ੁੱਕਰਵਾਰ ਨੂੰ ਕੂਚਬਿਹਾਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਇੱਕ ਵਿਅਕਤੀ ਹੈਦਰਾਬਾਦ ਤੋਂ ਪੱਛਮੀ ਬੰਗਾਲ ‘ਚ ਚੋਣ ਲੜਨ ਆਇਆ ਹੈ। ਉਸ ਨੇ ਭਾਜਪਾ ਤੋਂ ਪੈਸੇ ਲਏ ਹਨ ਅਤੇ ਭਾਜਪਾ ਨੂੰ ਮਦਦ ਪਹੁੰਚਾਉਣ ਲਈ ਆਪਣੀ ਪਾਰਟੀ ਏਆਈਐਮਆਈਐਮ ਦੇ ਉਮੀਦਵਾਰਾਂ ਨੂੰ ਇੱਥੇ ਉਤਾਰਿਆ ਹੈ। ਕਿਸੇ ਵੀ ਸਥਿਤੀ ‘ਚ ਇਨ੍ਹਾਂ (ਓਵੈਸੀ) ਨੂੰ ਬੰਗਾਲ ‘ਚ ਪੈਰ ਰੱਖਣ ਦੀ ਮਨਜ਼ੂਰੀ ਨਹੀਂ ਦੇਣੀ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਉਹ ਨੰਦੀਗ੍ਰਾਮ ਸੀਟ ਤੋਂ ਆਸਾਨੀ ਨਾਲ ਚੋਣ ਜਿੱਤ ਰਹੇ ਹਨ। ਇਸ ਸੀਟ ਦੇ ਨਤੀਜਿਆਂ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਪ੍ਰੇਸ਼ਾਨ ਨਾ ਹੋਣ। ਮਮਤਾ ਨੇ ਆਪਣੇ ਭਾਸ਼ਣ ‘ਚ ਕਿਹਾ, “ਮੈਂ ਨੰਦੀਗ੍ਰਾਮ ‘ਚ ਆਸਾਨੀ ਨਾਲ ਜਿੱਤ ਜਾਵਾਂਗੀ, ਪਰ ਇੱਕ ਸੀਟ ਦੀ ਗੱਲ ਨਹੀਂ ਹੋ ਰਹੀ। ਸਾਨੂੰ ਸਰਕਾਰ ਬਣਾਉਣੀ ਹੈ ਅਤੇ 200 ਸੀਟਾਂ ‘ਤੇ ਜਿੱਤ ਹਾਸਲ ਕਰਨੀ ਹੈ। ਅਜਿਹੀ ਸਥਿਤੀ ‘ਚ ਟੀਐਮਸੀ ਦੇ ਨਾਲ ਤੁਹਾਨੂੰ ਲਗਾਤਾਰ ਖੜ੍ਹੇ ਰਹਿਣਾ ਹੈ ਅਤੇ ਵੋਟੀ ਪਾਉਣੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ‘ਚ ਅਸਦੁਦੀਨ ਓਵੈਸੀ ਦੀ ਵੀ ਬੰਗਾਲ ਚੋਣਾਂ ‘ਚ ਐਂਟਰੀ ਹੋ ਗਈ ਹੈ। ਹਾਲ ਹੀ ‘ਚ ਓਵੈਸੀ ਨੇ ਮਮਤਾ ਬੈਨਰਜੀ ਦੇ ਜਾਤ ਵਾਲੇ ਬਿਆਨ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ, “ਮੇਰੇ ਵਰਗੇ ਲੋਕਾਂ ਦਾ ਕੀ ਹੋਣਾ ਚਾਹੀਦਾ ਹੈ, ਜੋ ਨਾ ਤਾਂ ਸ਼ਾਂਡਿਲਯ ਹਨ ਅਤੇ ਨਾ ਹੀ ਜਨੇਊਧਾਰੀ ਹਨ। ਜੋ ਨਾ ਤਾਂ ਕਿਸੇ ਖ਼ਾਸ ਭਗਵਾਨ ਦੇ ਭਗਤ ਹਨ ਅਤੇ ਨਾ ਹੀ ਚਾਲੀਸਾ ਜਾਂ ਕੋਈ ਹੋਰ ਪਾਠ ਕਰਦੇ ਹਨ। ਹਰੇਕ ਪਾਰਟੀ ਜਿੱਤਣ ਲਈ ਹਿੰਦੂ ਕਾਰਡ ਖੇਡ ਰਹੀ ਹੈ।”

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ 8 ਗੇੜ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਬੀਤੇ ਦਿਨੀਂ ਵੀਰਵਾਰ ਨੂੰ ਪੱਛਮੀ ਦੂਜੇ ਗੇੜ ‘ਚ 30 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ ਸਨ। ਇਸ ‘ਚ ਨੰਦੀਗ੍ਰਾਮ ਦੀ ਸੀਟ ਵੀ ਸ਼ਾਮਲ ਸੀ, ਜਿਸ ‘ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਇੱਥੇ ਟੀਐਮਸੀ ਤੋਂ ਮਮਤਾ ਬੈਨਰਜੀ ਅਤੇ ਭਾਜਪਾ ਤੋਂ ਸ਼ੁਭੇਂਦੁ ਅਧਿਕਾਰੀ ਉਮੀਦਵਾਰ ਹਨ।