Home ਨਜ਼ਰੀਆ ਮਮਤਾ ਬੈਨਰਜੀ ਬੰਗਾਲ ‘ਚ ਜੁਲਮ ਵਿਰੁੱਧ ਇਕੱਲੇ ਲੜ ਰਹੀ ਹੈ : ਜਯਾ ਬੱਚਨ

ਮਮਤਾ ਬੈਨਰਜੀ ਬੰਗਾਲ ‘ਚ ਜੁਲਮ ਵਿਰੁੱਧ ਇਕੱਲੇ ਲੜ ਰਹੀ ਹੈ : ਜਯਾ ਬੱਚਨ

0
ਮਮਤਾ ਬੈਨਰਜੀ ਬੰਗਾਲ ‘ਚ ਜੁਲਮ ਵਿਰੁੱਧ ਇਕੱਲੇ ਲੜ ਰਹੀ ਹੈ : ਜਯਾ ਬੱਚਨ

ਕੋਲਕਾਤਾ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸਮਾਜਵਾਦੀ ਪਾਰਟੀ ਦੀ ਆਗੂ ਅਤੇ ਅਦਾਕਾਰਾ ਜਯਾ ਬੱਚਨ ਪੱਛਮੀ ਬੰਗਾਲ ਚੋਣਾਂ ‘ਚ ਟੌਲੀਗੰਜ ਸੀਟ ਤੋਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਉਮੀਦਵਾਰ ਦੇ ਚੋਣ ਪ੍ਰਚਾਰ ਲਈ ਕੋਲਕਾਤਾ ਪਹੁੰਚੇ ਹਨ। ਜਯਾ ਬੱਚਨ ਹਾਈ-ਪ੍ਰੋਫਾਈਲ ਸੀਟ ਟੌਲੀਗੰਜ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਅਰੂਪ ਵਿਸ਼ਵਾਸ ਲਈ ਚੋਣ ਪ੍ਰਚਾਰ ਕਰਨਗੇ। ਕੋਲਕਾਤਾ ਪਹੁੰਚੀ ਜਯਾ ਬੱਚਨ ਦਾ ਹਵਾਈ ਅੱਡੇ ‘ਤੇ ਟੀਐਮਸੀ ਦੇ ਸੰਸਦ ਮੈਂਬਰ ਡੈਰੇਕ ਓ ਬਰਾਇਨ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਯਾ ਬੱਚਨ ਨਾਲ ਮੀਡੀਆ ਨੂੰ ਸੰਬੋਧਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਾ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਕਿਹਾ, “ਮੇਰੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਮੈਨੂੰ ਪੱਛਮੀ ਬੰਗਾਲ ਜਾ ਕੇ ਮਮਤਾ ਬੈਨਰਜੀ ਦਾ ਸਹਿਯੋਗ ਕਰਨ ਲਈ ਕਿਹਾ ਹੈ। ਮੈਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਬਹੁਤ ਪਿਆਰ ਤੇ ਸਤਿਕਾਰ ਹੈ।”

ਜਯਾ ਬੱਚਨ ਨੇ ਮਮਤਾ ਬਾਰੇ ਕਿਹਾ, “ਉਨ੍ਹਾਂ ਦਾ ਸਿਰ ਫੁਟਿਆ, ਉਨ੍ਹਾਂ ਦੀ ਲੱਤ ਟੁੱਟ ਗਈ, ਪਰ ਉਹ ਲੋਕ ਉਨ੍ਹਾਂ ਦਾ ਦਿਲ, ਦਿਮਾਗ਼ ਅਤੇ ਅੱਗੇ ਵਧਣ ਦੇ ਹੌਂਸਲੇ ਨੂੰ ਨਹੀਂ ਤੋੜ ਸਕੇ। ਮੈਨੂੰ ਪੂਰਾ ਵਿਸ਼ਵਾਸ ਹੈ, ਮਮਤਾ ਜੀ ਜੋ ਕੁਝ ਕਰਨਾ ਚਾਹੁੰਦੇ ਹਨ, ਉਹ ਕਰਨਗੇ। ਮਮਤਾ ਬੈਨਰਜੀ ਬੰਗਾਲ ‘ਚ ਜੁਲਮ ਵਿਰੁੱਧ ਇਕੱਲੇ ਲੜ ਰਹੀ ਹੈ।”

ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰੀਯੋ ਨੇ ਜਯਾ ਬੱਚਨ ਦੇ ਬੰਗਾਲ ਪਹੁੰਚਣ ਉੱਤੇ ਕਿਹਾ, “ਮੈਂ ਉਨ੍ਹਾਂ (ਜਯਾ ਬੱਚਨ) ਦਾ ਪੱਛਮੀ ਬੰਗਾਲ ‘ਚ ਸਵਾਗਤ ਕਰਦਾ ਹਾਂ। ਮੈਂ ਉਨ੍ਹਾਂ ਨਾਲ ਪਰਿਵਾਰਕ ਸਬੰਧਾਂ ਬਾਰੇ ਗੱਲ ਨਹੀਂ ਕਰਾਂਗਾ, ਪਰ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਭਾਜਪਾ ਵਿਰੁੱਧ ਤਾਂ ਬੋਲਣਗੇ, ਪਰ ਉਹ ਮੇਰੇ ਵਿਰੁੱਧ ਕਦੇ ਕੁਝ ਨਹੀਂ ਕਹਿਣਗੇ।”

ਜ਼ਿਕਰਯੋਗ ਹੈ ਕਿ ਭਾਜਪਾ ਨੇ ਟੌਲੀਗੰਜ ਸੀਟ ਤੋਂ ਬਾਬੁਲ ਸੁਪ੍ਰੀਯੋ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਟੌਲੀਗੰਜ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਅਰੂਪ ਵਿਸ਼ਵਾਸ ਦੇ ਸਮਰਥਨ ‘ਚ ਜਯਾ ਬੱਚਨ 8 ਅਪ੍ਰੈਲ ਤਕ ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਕਰਨਗੇ।