ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਤਾ ਅਸਤੀਫ਼ਾ, ਦਿਲੀਪ ਪਾਟਿਲ ਹੋਣਗੇ ਨਵੇਂ ਗ੍ਰਹਿ ਮੰਤਰੀ

ਮੁੰਬਈ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਦਿਲੀਪ ਪਾਟਿਲ ਨੂੰ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੀ ਜ਼ਿੰਮੇਦਾਰੀ ਸੌਂਪਦੇ ਹੋਏ ਗ੍ਰਹਿ ਮੰਤਰੀ ਬਣਾਇਆ ਜਾ ਰਿਹਾ ਹੈ। ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਅਨਿਲ ਦੇਸ਼ਮੁਖ ’ਤੇ 100 ਕਰੋੜ ਦੀ ਵਸੂਲੀ ਦਾ ਦੋਸ਼ ਲਾਇਆ ਸੀ। ਉੱਧਰ ਬੰਬੇ ਹਾਈ ਕੋਰਟ ਨੇ ਅਨਿਲ ਦੇਸ਼ਮੁਖ ਵਿਰੁੱਧ ਸੀਬੀਆਈ ਜਾਂਚ ਦਾ ਹੁਕਮ ਜਾਰੀ ਕੀਤਾ ਹੈ। ਕੋਰਟ ਨੇ ਸੀਬੀਆਈ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ।

Video Ad

ਜੈਸ਼੍ਰੀ ਪਾਟਿਲ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੇ ਐਂਟੀਲੀਆ ਰਿਹਾਇਸ਼ ਦੇ ਬਾਹਰ ਧਮਾਕਾਖੇਜ ਸਮੱਗਰੀ ਨਾਲ ਭਰੀ ਸਕਾਰਪੀਓ ਗੱਡੀ ਮਿਲਣ ਤੋਂ ਬਾਅਦ ਇਹ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ’ਚ ਸ਼ੱਕ ਦੇ ਘੇਰੇ ’ਚ ਆਏ ਮੁੰਬਈ ਪੁਲਿਸ ਦੇ ਸਾਬਕਾ ਪ੍ਰਮੁੱਖ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਝੇ ਨੂੰ ਮੁੰਬਈ ਦੇ ਬਾਰ ਤੇ ਹੋਟਲਾਂ ਤੋਂ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ।

ਬੰਬੇ ਹਾਈਕੋਰਟ ਨੇ ਕਿਹਾ ਕਿ ਸੀਬੀਆਈ ਦੀ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਅਨਿਲ ਦੇਸ਼ਮੁਖ ਵਿਰੁੱਧ ਐਫਆਈਆਰ ਕਰਨ ਜਾਂਚ ਨਾ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਨੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇੱਕ ਚਿੱਠੀ ਲਿਖ ਕੇ ਦੋਸ਼ ਲਾਇਆ ਸੀ ਕਿ ਅਨਿਲ ਦੇਸ਼ਮੁਖ ਨੇ ਸਚਿਨ ਵਝੇ ਨੂੰ ਹਰ ਮਹੀਨੇ ਮੁੰਬਈ ਤੋਂ 100 ਕਰੋੜ ਰੁਪਏ ਦੀ ਵਸੂਲੀ ਦਾ ਟਾਰਗੇਟ ਦਿੱਤਾ ਸੀ। ਸਚਿਨ ਵਝੇ ਨੂੰ ਫਿਲਹਾਲ ਐਨਆਈਏ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸ਼ੱਕੀ ਕਾਰ ਤੇ ਉਸ ਦੇ ਮਾਲਕ ਕਹੇ ਜਾ ਰਹੇ ਮਨਸੁਖ ਹਿਰੇਨ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

Video Ad