
3 ਬੋਗੀਆਂ ਪਟੜੀ ਤੋਂ ਉਤਰੀਆਂ, 50 ਤੋਂ ਜ਼ਿਆਦਾ ਯਾਤਰੀ ਹੋਏ ਜ਼ਖ਼ਮੀ
ਪੁਨੇ, 17 ਅਗਸਤ, ਹ.ਬ. : ਮਹਾਰਾਸ਼ਟਰ ਦੇ ਗੋਂਦੀਆ ’ਚ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਸ ਹਾਦਸੇ ’ਚ 50 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ। ਇਹ ਹਾਦਸਾ ਰਾਤ ਕਰੀਬ 2.30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੀ ਯਾਤਰੀ ਟਰੇਨ ਨਾਲ ਟੱਕਰ ਹੋ ਗਈ। ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਵਾਪਰਿਆ। ਚੰਗਾ ਇਹ ਰਿਹਾ ਕਿ ਕਿਸੇ ਦੀ ਜਾਨ ਨਹੀਂ ਗਈ, ਬਹੁਤ ਵੱਡਾ ਬਚਾਅ ਹੋ ਗਿਆ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕੋ ਟ੍ਰੈਕ ’ਤੇ ਦੋ ਟਰੇਨਾਂ ਦੇ ਆਉਣ ਕਾਰਨ ਵਾਪਰਿਆ। ਹਰੀ ਝੰਡੀ ਮਿਲਣ ਤੋਂ ਬਾਅਦ ਬਿਲਾਸਪੁਰ-ਭਗਤ ਕੀ ਕੋਠੀ ਐਕਸਪ੍ਰੈਸ ਗੱਡੀ ਅੱਗੇ ਲਈ ਰਵਾਨਾ ਹੋਈ। ਇਸ ਟ੍ਰੈਕ ’ਤੇ ਮਾਲ ਗੱਡੀ ਵੀ ਨਾਗਪੁਰ ਵੱਲ ਜਾ ਰਹੀ ਸੀ ਤੇ ਯਾਤਰੀ ਟਰੇਨ ਵੀ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਰਾਜਸਥਾਨ ਦੇ ਜੋਧਪੁਰ ਜਾ ਰਹੀ ਸੀ। ਗੋਂਦੀਆ ਸ਼ਹਿਰ ਨੇੜੇ ਰੇਲਵੇ ਫਾਟਕ ’ਤੇ ਸਿਗਨਲ ਠੀਕ ਨਾ ਹੋਣ ਕਾਰਨ ਐਕਸਪ੍ਰੈਸ ਗੱਡੀ ਮਾਲ ਗੱਡੀ ਨਾਲ ਟਕਰਾ ਗਈ। ਕੁੱਲ 53 ਯਾਤਰੀ ਜ਼ਖਮੀ ਹੋਏ ਹਨ।