Home ਭਾਰਤ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਖ਼ਤਮ ਹੋ ਰਹੀ ਕੋਰੋਨਾ ਵੈਕਸੀਨ

ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਖ਼ਤਮ ਹੋ ਰਹੀ ਕੋਰੋਨਾ ਵੈਕਸੀਨ

0
ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਖ਼ਤਮ ਹੋ ਰਹੀ ਕੋਰੋਨਾ ਵੈਕਸੀਨ

ਮੁੰਬਈ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਵੈਕਸੀਨ ਸਟਾਕ ਖ਼ਤਮ ਹੋਣ ਦੀ ਕਗਾਰ ‘ਤੇ ਹੈ। ਬੁੱਧਵਾਰ ਨੂੰ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਈ ਥਾਵਾਂ ‘ਤੇ ਸਟਾਕ ਇਕ ਜਾਂ ਦੋ ਦਿਨ ‘ਚ ਖਤਮ ਹੋ ਜਾਵੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ‘ਚ ਕੇਂਦਰ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸੂਬੇ ‘ਚ ਮਰੀਜ਼ਾਂ ਦੀ ਕੁਲ ਗਿਣਤੀ 31 ਲੱਖ ਤੋਂ ਪਾਰ ਹੋ ਗਈ ਹੈ।

ਪ੍ਰਮੁੱਖ ਸਕੱਤਰ (ਸਿਹਤ) ਪ੍ਰਦੀਪ ਵਿਆਸ ਨੇ ਦੱਸਿਆ ਕਿ ਬੁੱਧਵਾਰ ਸਵੇਰ ਤਕ ਸੂਬੇ ‘ਚ ਲਗਭਗ 14 ਲੱਖ ਵੈਕਸੀਨ ਖੁਰਾਕਾਂ ਸਨ। ਅਧਿਕਾਰੀ ਨੇ ਦੱਸਿਆ, “ਬਹੁਤ ਸਾਰੇ ਜ਼ਿਲ੍ਹਿਆਂ ‘ਚ ਇਹ ਸਟਾਕ ਅੱਜ ਜਾਂ ਕੱਲ੍ਹ ਤਕ ਖ਼ਤਮ ਹੋ ਜਾਵੇਗਾ। ਕੇਂਦਰ ਇਸ ਤੋਂ ਜਾਣੂ ਹੈ ਅਤੇ ਅਸੀਂ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਦੱਸਿਆ ਹੈ।” ਉਨ੍ਹਾਂ ਦੱਸਿਆ ਕਿ ਜੇਕਰ ਸ਼ੈਡਿਊਲ ਅਤੇ ਵੈਕਸੀਨ ਦੀ ਉਪਲੱਬਧਤਾ ਹੈ ਤਾਂ ਮਹਾਰਾਸ਼ਟਰ ‘ਚ ਹਰ ਰੋਜ਼ 5 ਲੱਖ ਵੈਕਸੀਨ ਖੁਰਾਕਾਂ ਆਸਾਨੀ ਨਾਲ ਦਿੱਤੀਆਂ ਜਾ ਸਕਦੀਆਂ ਹਨ।

ਪਿਛਲੇ ਦਿਨਾਂ ‘ਚ ਸੂਬੇ ਵਿੱਚ ਰੋਜ਼ਾਨਾ ਲਗਭਗ 4 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਟੀਕਾਕਰਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਲਗਭਗ 82 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਇਕ ਅਧਿਕਾਰਤ ਬਿਆਨ ‘ਚ ਦੱਸਿਆ ਗਿਆ ਕਿ ਮਹਾਰਾਸ਼ਟਰ ਨੂੰ ਕੋਵਿਡ-19 ਟੀਕੇ ਦੀਆਂ 1.06 ਕਰੋੜ ਖੁਰਾਕਾਂ ਮਿਲੀਆਂ ਹਨ। ਇਨ੍ਹਾਂ ‘ਚੋਂ 88 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਦਕਿ ਵੇਸਟੇਜ਼ ਦਾ ਅੰਕੜਾ 3 ਫ਼ੀਸਦੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਟੀਕਾਕਰਨ ਮੁਹਿੰਮ ਦੇ ਵਿਸਥਾਰ ਅਤੇ ਮਾਮਲਿਆਂ ‘ਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਸੂਬਾ ਸਰਕਾਰ ਟੀਕੇ ਦੇ ਸਟਾਕ ਦੀ ਮੰਗ ਛੇਤੀ ਹੀ ਰੱਖੇਗੀ।

ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 25 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਤੇਜ਼ੀ ਨਾਲ ਫੈਲਣ ਵਾਲੀ ਲਾਲ ਤੋਂ ਬਚਾਉਣ ‘ਚ ਮਦਦ ਮਿਲੇਗੀ, ਜੋ ਘਰ ਦੀ ਰੋਜ਼ੀ-ਰੋਟੀ ਕਮਾਉਣ ਲਈ ਬਾਹਰ ਜਾ ਰਹੇ ਹਨ। ਆਪਣੀ ਚਿੱਠੀ ‘ਚ ਠਾਕਰੇ ਨੇ 1.5 ਵਾਧੂ ਖੁਰਾਕਾਂ ਦੀ ਮੰਗ ਕੀਤੀ ਹੈ। ਇਸ ਨਾਲ ਸੂਬਾ ਸਰਕਾਰ ਤਿੰਨ ਹਫ਼ਤਿਆਂ ‘ਚ ਮੁੰਬਈ ਸਮੇਤ 6 ਜ਼ਿਲ੍ਹਿਆਂ ‘ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾ ਸਕੇਗੀ।

ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਟੀਕੇ ਦੀ ਕਮੀ ਬਾਰੇ ਕਿਹਾ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਬਹੁਤ ਸਾਰੇ ਟੀਕਾ ਕੇਂਦਰਾਂ ‘ਚ ਲੋੜੀਂਦੀ ਖੁਰਾਕ ਨਹੀਂ ਹੈ ਅਤੇ ਟੀਕੇ ਦੀ ਕਮੀ ਕਾਰਨ ਲੋਕਾਂ ਨੂੰ ਵਾਪਸ ਭੇਜਣਾ ਪੈ ਰਿਹਾ ਹੈ।” ਉਨ੍ਹਾਂ ਦੱਸਿਆ, “ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ 20-40 ਸਾਲ ਦੇ ਲੋਕਾਂ ਨੂੰ ਪਹਿਲ ਦੇ ਅਧਾਰ ‘ਤੇ ਟੀਕੇ ਲਗਾਏ ਜਾਣ।” ਟੋਪੇ ਨੇ ਕਿਹਾ, “ਸਾਨੂੰ ਸ਼ੱਕ ਹੈ ਕਿ ਇੱਥੇ ਇੱਕ ਨਵਾਂ ਸਟ੍ਰੇਨ ਹੈ, ਜੋ ਥੋੜ੍ਹੇ ਸਮੇਂ ‘ਚ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।” ਉਨ੍ਹਾਂ ਦੱਸਿਆ ਹੈ ਕਿ ਸੈਂਪਲਾਂ ਨੂੰ ਨੈਸ਼ਨਲ ਸੈਂਟਰ ਫ਼ਾਰ ਡਿਸੀਜ਼ ਭੇਜਿਆ ਗਿਆ ਹੈ।