ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਾ ਟਾਰਗੈਟ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਕਿੰਨਾ ਸੀ? : ਰਵੀ ਸ਼ੰਕਰ ਪ੍ਰਸਾਦ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਐਂਟੀਲੀਆ ਮਾਮਲੇ ‘ਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਚਿੱਠੀ ਤੋਂ ਬਾਅਦ ਭਾਜਪਾ ਨੇ ਮਹਾਰਾਸ਼ਟਰ ਦੀ ਊਧਵ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ 100 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਦੇਣ ਦਾ ਦੋਸ਼ ਲਗਾਇਆ ਗਿਆ ਹੈ, ਫਿਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਦੇਸ਼ਮੁਖ ਇਹ ਵਸੂਲੀ ਆਪਣੇ ਲਈ ਕਰ ਰਹੇ ਸਨ ਜਾਂ ਐਨਸੀਪੀ ਜਾਂ ਊਧਵ ਸਰਕਾਰ ਲਈ? ਜੇ ਗ੍ਰਹਿ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਕਿੰਨਾ ਸੀ? ਜੇ ਮੁੰਬਈ ‘ਚੋਂ 100 ਕਰੋੜ ਦੀ ਵਸੂਲੀ ਕੀਤੀ ਜਾਣੀ ਸੀ ਤਾਂ ਬਾਕੀ ਵੱਡੇ ਸ਼ਹਿਰਾਂ ਲਈ ਕਿੰਨੀ ਰਕਮ ਤੈਅ ਕੀਤੀ ਗਈ ਸੀ?
ਰਵੀ ਸ਼ੰਕਰ ਪ੍ਰਸਾਦ ਨੇ ਪੁੱਛਿਆ, “ਮੁੰਬਈ ਪੁਲਿਸ ਦੇ ਸਾਬਕਾ ਸਹਾਇਕ ਪੁਲਿਸ ਇੰਸਪੈਕਟਰ ਸਚਿਨ ਵਾਜੇ ਨੂੰ ਕਿਸ ਦੇ ਦਬਾਅ ਹੇਠ ਲਿਆਇਆ ਗਿਆ। ਸ਼ਿਵ ਸੈਨਾ ਦੇ ਦਬਾਅ ‘ਚ, ਮੁੱਖ ਮੰਤਰੀ ਦੇ ਦਬਾਅ ‘ਚ ਜਾਂ ਸ਼ਰਦ ਪਵਾਰ ਦੇ ਦਬਾਅ ‘ਚ? ਉਨ੍ਹਾਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਕੇਸ ਨਹੀਂ ਹੈ। ਇਹ ਆਪ੍ਰੇਸ਼ਨ ਲੁੱਟ ਹੈ।”
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸ਼ਰਦ ਪਵਾਰ ਦੀ ਚੁੱਪੀ ਸਵਾਲ ਖੜੇ ਕਰਦੀ ਹੈ ਅਤੇ ਊਧਵ ਠਾਕਰੇ ਵੀ ਚੁੱਪ ਹਨ। ਸਦਨ ਦੇ ਅੰਦਰ ਅਤੇ ਬਾਹਰ ਉਹ ਸਚਿਨ ਵਾਜੇ ਦਾ ਬਚਾਅ ਕਰ ਰਹੇ ਹਨ। ਵਾਜੇ ਇਕ ਏਐਸਆਈ ਹਨ, ਜਿਨ੍ਹਾਂ ਨੂੰ ਕ੍ਰਾਈਮ ਸੀਆਈਡੀ ਦਾ ਚਾਰਜ ਦਿੱਤਾ ਗਿਆ ਸੀ। ਇਹ ਆਪਣੇ ਆਪ ‘ਚ ਹੈਰਾਨੀ ਵਾਲੀ ਗੱਲ ਹੈ।
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਉਨ੍ਹਾਂ ਦਾ ਬਚਾਅ ਕਰਦੇ ਹਨ। ਦੂਜੇ ਪਾਸੇ ਗ੍ਰਹਿ ਮੰਤਰੀ ਕਹਿੰਦੇ ਹਨ ਮੈਨੂੰ 100 ਕਰੋੜ ਰੁਪਏ ਲਿਆ ਕੇ ਦਿਓ। ਇਹ ਬਹੁਤ ਗੰਭੀਰ ਮੁੱਦਾ ਹੈ। ਇਸ ਦੀ ਗੰਭੀਰ ਅਤੇ ਇਮਾਨਦਾਰ ਜਾਂਚ ਦੀ ਲੋੜ ਹੈ। ਇਸ ਕੇਸ ਦੀ ਜਾਂਚ ਸੁਤੰਤਰ ਏਜੰਸੀ ਤੋਂ ਹੋਣੀ ਚਾਹੀਦੀ ਹੈ। ਪਵਾਰ ਸਾਹਿਬ ਦੀ ਇਸ ‘ਚ ਭੂਮਿਕਾ ਹੋ ਸਕਦੀ ਹੈ। ਮੁੰਬਈ ਪੁਲਿਸ ਦੀ ਭੂਮਿਕਾ ਹੋ ਸਕਦੀ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਵੀ ਕਈ ਸਵਾਲ ਪੁੱਛੇ ਜਾ ਸਕਦੇ ਹਨ।
‘ਸਚਿਨ ਵਾਜੇ ਕੋਲ ਬਹੁਤ ਸਾਰੇ ਰਾਜ਼ ਹਨ, ਇਸ ਲਈ ਉਸ ਨੂੰ ਬਚਾਇਆ ਜਾ ਰਿਹੈ’
ਕੇਂਦਰੀ ਮੰਤਰੀ ਨੇ ਕਿਹਾ, “ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਸਚਿਨ ਵਾਜੇ ਤੋਂ ਕਿੰਨੇ ਗੰਦੇ ਕੰਮ ਕਰਵਾਏ? ਮੈਂ ਇਹ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਮੁੱਖ ਮੰਤਰੀ ਇਕ ਇੰਸਪੈਕਟਰ ਦਾ ਬਚਾਅ ਕਰ ਰਹੇ ਹਨ। ਮੈਂ ਇਹ ਪਹਿਲਾਂ ਕਦੇ ਨਹੀਂ ਵੇਖਿਆ। ਆਖਰ ਉਸ ਨੂੰ ਬਚਾਉਣ ਦੀ ਕੀ ਮਜਬੂਰੀ ਹੈ। ਉਸ ਦੇ ਢਿੱਡ ‘ਚ ਕੀ ਰਾਜ਼ ਛੁਪਿਆ ਹੋਇਆ ਹੈ। ਇਹ ਗੱਲ ਸਮਝਣੀ ਚਾਹੀਦੀ ਹੈ। ਸਾਨੂੰ ਖਦਸ਼ਾ ਇਹ ਹੈ ਕਿ ਸਾਰੀ ਮਹਾਰਾਸ਼ਟਰ ਸਰਕਾਰ ਉਸ ਦੀ ਰੱਖਿਆ ਕਰ ਰਹੀ ਹੈ, ਕਿਉਂਕਿ ਉਸ ਦੇ ਕੋਲ ਬਹੁਤ ਸਾਰੇ ਰਾਜ਼ ਛੁਪੇ ਹੋਏ ਹਨ।”

Video Ad
Video Ad