
ਨਾਗਪੁਰ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ਦੇ ਖੋਬਰਾਮੇਂਧਾ ਜੰਗਲੀ ਖੇਤਰ ‘ਚ ਇੱਕ ਮੁਕਾਬਲੇ ‘ਚ 5 ਨਕਸਲੀਆਂ ਨੂੰ ਮਾਰ ਦਿੱਤਾ। ਇਹ ਖੇਤਰ ਨਕਸਲ ਪ੍ਰਭਾਵਿਤ ਹੈ। ਨਕਸਲ ਰੇਂਜ ਦੇ ਡੀਆਈਜੀ ਸੰਦੀਪ ਪਾਟਿਲ ਨੇ ਦੱਸਿਆ ਕਿ ਖੁਰਖੇੜਾ ਇਲਾਕੇ ਦੇ ਖੋਬਰਾਮੇਂਦਾ ਜੰਗਲੀ ਖੇਤਰ ਵਿੱਚ ਨਕਸਲੀਆਂ ਦਾ ਪੁਲਿਸ ਮੁਲਾਜ਼ਮਾਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ 5 ਨਕਸਲੀਆਂ ਨੂੰ ਮਾਰ ਦਿੱਤਾ। ਇਹ ਇਲਾਕੇ ਦੀ ਪੁਲਿਸ ਵੱਲੋਂ ਕੀਤੀ ਇਕ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਪੁਲਿਸ ਨੇ ਇਕ ਰਾਈਫਲ ਅਤੇ ਤਿੰਨ ਪ੍ਰੈਸ਼ਰ ਕੁਕਰ ਬੰਬ ਫੜੇ ਸਨ, ਜੋ ਨਕਸਲੀਆਂ ਵੱਲੋਂ ਸੁਰੱਖਿਆ ਬਲਾਂ ਉੱਤੇ ਕਥਿਤ ਤੌਰ ‘ਤੇ ਹਮਲਾ ਕਰਨ ਦੀ ਯੋਜਨਾ ਲਈ ਵਰਤੇ ਜਾਣੇ ਸਨ। ਗੜ੍ਹਚਿਰੋਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ‘ਨਕਸਲ ਹਫ਼ਤਾ’ ਮਨਾਉਣ ਲਈ ਵੱਡੀ ਗਿਣਤੀ ‘ਚ ਨਕਸਲੀ ਇੱਥੇ ਇਕੱਠੇ ਹੋਣ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਦੇ ਸੀ-60 ਕਮਾਂਡੋਜ਼ ਨੇ ਸ਼ਨਿੱਚਰਵਾਰ ਨੂੰ ਹੇਤਲਾਕਸਾ ਜੰਗਲ ਵਾਲੇ ਖੇਤਰ ‘ਚ ਨਕਸਲ ਵਿਰੋਧੀ ਮੁਹਿੰਮ ਚਲਾਈ ਸੀ।
ਪੁਲਿਸ ਨੇ ਦੱਸਿਆ ਕਿ 60 ਤੋਂ 70 ਨਕਸਲੀਆਂ ਨੇ ਸੀ-60 ਕਮਾਂਡੋਜ਼ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿੱਤਾ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਲਗਭਗ ਇਕ ਘੰਟਾ ਜਾਰੀ ਰਹੀ। ਇਸ ਦੌਰਾਨ ਨਕਸਲੀ ਆਪਣਾ ਸਮਾਨ ਛੱਡ ਕੇ ਭੱਜ ਗਏ।
ਇਸ ਤੋਂ ਪਹਿਲਾਂ 24 ਮਾਰਚ ਨੂੰ ਨਕਸਲੀਆਂ ਨੇ ਗੁਆਂਢੀ ਸੂਬੇ ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਸੁਰੱਖਿਆ ਬਲਾਂ ਦੀ ਇੱਕ ਬੱਸ ‘ਤੇ ਹਮਲਾ ਕੀਤਾ ਸੀ। ਇਸ ‘ਚ 5 ਜਵਾਨ ਸ਼ਹੀਦ ਹੋਏ ਸਨ। ਇੱਥੇ ਨਕਸਲੀਆਂ ਨੇ ਸੁਰੱਖਿਆ ਬਲਾਂ ਦੀ ਬੱਸ ਨੂੰ ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਉਡਾ ਦਿੱਤਾ ਸੀ।