
ਸ੍ਰੀਨਗਰ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ ਪੁਲਿਸ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਦੇ ਪਾਸਪੋਰਟ ਅਪਡੇਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁਫ਼ਤੀ ਦੇ ਟਵੀਟ ਅਨੁਸਾਰ ਸੀਆਈਡੀ ਰਿਪੋਰਟ ਦੇ ਅਧਾਰ ‘ਤੇ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ।
ਮਹਿਬੂਬਾ ਮੁਫ਼ਤੀ ਨੇ ਇਸ ਮਾਮਲੇ ‘ਚ ਟਵੀਟ ਕਰਦਿਆਂ ਕਿਹਾ ਹੈ ਕਿ ਪਾਸਪੋਰਟ ਦਫ਼ਤਰ ਨੇ ਸੀਆਈਡੀ ਰਿਪੋਰਟ ਦੇ ਅਧਾਰ ‘ਤੇ ਮੇਰਾ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਇਸ ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ। ਅਗਸਤ 2019 ਤੋਂ ਕਸ਼ਮੀਰ ‘ਚ ਪ੍ਰਾਪਤ ਕੀਤੀ ਆਮ ਸਥਿਤੀ ਦਾ ਇਹ ਪੱਧਰ ਹੈ ਕਿ ਇਕ ਸਾਬਕਾ ਮੁੱਖ ਮੰਤਰੀ, ਜਿਸ ਕੋਲ ਪਾਸਪੋਰਟ ਸੀ, ਇਕ ਸ਼ਕਤੀਸ਼ਾਲੀ ਦੇਸ਼ ਦੀ ਪ੍ਰਭੂਸੱਤਾ ਲਈ ਖ਼ਤਰਾ ਹੈ। ਮੁਫ਼ਤੀ ਦੇ ਪਾਸਪੋਰਟ ਦੀ ਤਰੀਕ 31 ਮਈ 2019 ਤਕ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਡੇਟ ਦੀ ਅਪੀਲ ਕੀਤੀ ਸੀ।
ਦੱਸ ਦਈਏ ਕਿ ਹਾਲ ਹੀ ‘ਚ ਮਹਿਬੂਬਾ ਮੁਫ਼ਤੀ ਨੇ ਪਾਸਪੋਰਟ ਲਈ ਜੰਮੂ-ਕਸ਼ਮੀਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮਹਿਬੂਬਾ ਦਾ ਮੌਜੂਦਾ ਪਾਸਪੋਰਟ ਖਤਮ ਹੋ ਗਿਆ ਹੈ, ਜਿਸ ਨੂੰ ਉਹ ਅਪਡੇਟ ਕਰਨਾ ਚਾਹੁੰਦੀ ਹੈ, ਪਰ ਹੁਣ ਤਕ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਹੈ, ਜਿਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਹਾਈ ਕੋਰਟ ਪਹੁੰਚੀ ਸੀ।
ਅਦਾਲਤ ‘ਚ ਦਾਇਰ ਪਟੀਸ਼ਨ ‘ਚ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਾਸਪੋਰਟ ਦੀ ਤਰੀਕ 31 ਮਈ 2019 ਤਕ ਸੀ। ਉਨ੍ਹਾਂ ਨੇ ਪਿਛਲੇ ਸਾਲ 11 ਦਸੰਬਰ ਨੂੰ ਪਾਸਪੋਰਟ ਦਫ਼ਤਰ ਵਿਖੇ ਅਪਡੇਟ ਕਰਨ ਦੀ ਅਪੀਲ ਕੀਤੀ ਸੀ। ਨਿਯਮਾਂ ਅਨੁਸਾਰ ਇਹ ਪ੍ਰਕਿਰਿਆ 30 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਸੀ, ਪਰ ਅਜਿਹਾ ਨਹੀਂ ਹੋਇਆ।
ਹਾਲ ਹੀ ‘ਚ ਮਹਿਬੂਬਾ ਮੁਫ਼ਤੀ ਦਾ ਇੱਕ ਬਿਆਨ ਆਇਆ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਕਿਸੇ ਵੀ ਪੱਧਰ ‘ਤੇ ਹੋ ਰਹੀ ਗੱਲਬਾਤ ‘ਚ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮਹਿਬੂਬਾ ਨੇ ਕਿਹਾ ਸੀ ਕਿ ਭਾਰਤ-ਪਾਕਿਸਤਾਨ ਨੂੰ ਕਸ਼ਮੀਰੀ ਲੋਕਾਂ ਨਾਲ ਮੇਜ਼ ‘ਤੇ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਨੂੰ ਪਿਛਲੇ ਸਾਲ ਨਵੰਬਰ ‘ਚ 14 ਮਹੀਨਿਆਂ ਦੀ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਦੇ ਬਾਅਦ ਵੀ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਪਾਰਟੀ ਮੀਟਿੰਗਾਂ ‘ਚ ਹਿੱਸਾ ਲਿਆ ਹੈ।