
ਜਲੰਧਰ, 15 ਫ਼ਰਵਰੀ, ਹ.ਬ. : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਮਨੀਸ਼ਾ ਗੁਲਾਟੀ ਨੇ ਸੋਮਵਾਰ ਨੂੰ ਭਾਜਪਾ ਵਿਚ ਸ਼ਮੂਲੀਅਤ ਕਰ ਲਈ। ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਤੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜਾਇਸਵਾਲ ਨੇ ਮਨੀਸ਼ਾ ਗੁਲਾਟੀ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਮਨੀਸ਼ਾ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਮੰਨਿਆ ਜਾਂਦਾ ਹੈ। ਉਸ ਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਖ਼ੁਲਾਸਾ ਖ਼ੁਦ ਮੋਨਾ ਜਾਇਸਵਾਲ ਨੇ ਆਪਣੇ ਫੇਸਬੁਕ ਪੇਜ ’ਤੇ ਕੀਤਾ ਹੈ। ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ 111 ਦਿਨਾਂ ਵਿਚ ਮੇਰੇ ਮਾਣ ਸਤਿਕਾਰ ਨੂੰ ਪ੍ਰੇਸ਼ਾਨ ਕੀਤਾ ਗਿਆ। ਮੇਰਾ ਦਿਲ ਟੁੱਟ ਗਿਆ, ਮੇਰਾ ਸਟਾਫ ਘੱਟ ਕੀਤਾ ਗਿਆ। ਕਮਿਸ਼ਨ ਦੀ ਗਰਾਂਟ ਵਾਪਸ ਲੈ ਲਈ ਗਈ। ਦਰਅਸਲ, ਤਿੰਨ ਹਾਈ ਪ੍ਰੋਫਾਈਲ ਕੇਸ ਸੀ, ਜਿਸ ਵਿਚ ਵੱਡੇ ਵੱਡੇ ਨੇਤਾ ਸ਼ਾਮਲ ਹਨ। ਇਨ੍ਹਾਂ ਕੇਸਾਂ ਦੇ ਕਾਰਨ ਹੀ ਮੈਨੂੰ ਤੰਗ ਕੀਤਾ ਗਿਆ। ਗੁਲਾਟੀ ਨੇ ਕਿਹਾ ਕਿ ਇਹ ਜੰਗ ਮੇਰੀ ਨਹਂੀਂ, ਔਰਤ ਦੇ ਵਜੂਦ ਦੀ ਜੰਗ ਹੈ। ਇੱਕ ਵੱਡੇ ਨੇਤਾ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੂੰ ਇਨਸਾਫ ਦਿਵਾਏਗੀ? ਮੈਂ ਹਿੰਦੂ ਹਾਂ, ਇਸ ਲਈ ਨਿਸ਼ਾਨੇ ’ਤੇ ਲਿਆ ਗਿਆ। ਮੈਂ ਸੀਐਮ ਨੂੰ ਕਿਹਾ ਤਾਂ ਉਨ੍ਹਾਂ ਨੇ ਸੌਰੀ ਕਹਿ ਦਿੱਤਾ। ਦਰਅਸਲ, ਚੰਨੀ ਜਦ ਮੰਤਰੀ ਸੀ ਤਾਂ ਮਨੀਸ਼ ਗੁਲਾਟੀ ਨੇ ਚੰਨੀ ਨੂੰ ਮੀਟੂ ਕੇਸ ਵਿਚ ਨੋਟਿਸ ਜਾਰੀ ਕੀਤਾ ਸੀ।