ਮਾਂ ਬੋਲੀ ਦੇ ਅਖੌਤੀ ਸੇਵਕ

ਕਿਸੇ ਵੀ ਕੌਮ ਦੀ ਹੋਂਦ ਦੀਆਂ ਜੜ੍ਹਾਂ ਮਾਂ ਬੋਲੀ ਨਾਲ ਜੁੜੀਆਂ ਹੁੰਦੀਆਂ ਹਨ। ਮਾਂ ਬੋਲੀ ਨੂੰ ਵਿਸਾਰ ਦੇਣ ਦਾ ਸਿੱਧਾ ਮਤਲਬ ਜੜ੍ਹਾਂ ਨਾਲੋਂ ਟੁੱਟਣਾ ਹੁੰਦਾ ਹੈ। ਸਾਡੀ ਮਾਂ ਬੋਲੀ ਪੰਜਾਬੀ ਦਾ ਇਤਿਹਾਸ ਜੇ ਦੇਖਿਆ ਜਾਵੇ ਤਾਂ ਇਹ ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਵਿੱਚ ਰਹਿੰਦੇ ਲੋਕ ਬੋਲਦੇ ਹਨ, ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਇਸ ਦੇ ਦੋ ਰੂਪ ਸ਼ਾਹਮੁਖੀ ਅਤੇ ਗੁਰਮੁਖੀ ਹਨ। ਗੁਰਮੁਖੀ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ ਅਤੇ ਇਹ ਪੂਰਬੀ ਪੰਜਾਬ ਦੇ ਲੋਕਾਂ ਦੀ ਬੋਲੀ ਹੈ। ਸ਼ਾਹਮੁਖੀ ਲਹਿੰਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਪੰਜਾਬੀ ਭਾਸ਼ਾ ਪੂਰੇ ਸੰਸਾਰ ਵਿੱਚ 14 ਕਰੋੜ ਲੋਕ ਬੋਲਦੇ ਹਨ ਜਿਸ ਵਿੱਚੋਂ ਲਗਭਗ 10 ਕਰੋੜ ਲੋਕ ਪਾਕਿਸਤਾਨ ਵਿੱਚ ਅਤੇ ਤਿੰਨ ਕਰੋੜ ਭਾਰਤ ਵਿੱਚ ਬੋਲਦੇ ਹਨ। ਲਗਭਗ ਇੱਕ ਕਰੋੜ ਲੋਕ ਦੁਨੀਆ ਭਰ ਦੇ ਬਾਕੀ ਦੇਸ਼ਾਂ ਵਿੱਚ ਬੋਲਦੇ ਹਨ। ਮਾਂ ਬੋਲੀ ਦੇ ਪਸਾਰ ਵਿੱਚ ਲੇਖਕਾਂ ਅਤੇ ਅਖ਼ਬਾਰਾਂ ਦਾ ਉੱਘਾ ਯੋਗਦਾਨ ਹੁੰਦਾ ਹੈ।ਪਰ ਇਸ ਵਿੱਚ ਵੀ ਸੇਂਧ ਲੱਗਦੀ ਨਜ਼ਰ ਆ ਰਹੀ ਹੈ।ਇਸ ਲਈ ਅੱਜ ਆਪਾਂ ਗੱਲ ਕਰੀਏ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਸ ਦੇ ਅਖੌਤੀ ਸੇਵਕਾਂ ਦੀ । ਮੈਂ ਗਹੁ ਨਾਲ ਪੜਚੋਲਿਆ ਤਾਂ ਦੇਖਿਆ ਕਿ ਪੰਜਾਬੀ ਦੇ ਪਸਾਰ ਲਈ ਲੇਖਕਾਂ ਅਤੇ ਪਾਠਕਾਂ ਤੱਕ ਪਹੁੰਚਣ ਵਾਲੇ ਮਾਧਿਅਮਾਂ ਦੇ ਵਿਚਾਲੇ ਕਈ ਵਿਚੋਲੇ ਵਿਚੋਲਗਿਰੀ ਕਰਦੇ ਹਨ। ਉਹਨਾਂ ਨੂੰ ਆਪ ਪੰਜਾਬੀ ਬਾਰੇ ਕੋਈ ਮੁੱਢਲੀ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਜ਼ਿਆਦਾ ਪੜੇ ਲਿਖੇ ਹੁੰਦੇ ਹਨ ਪਰ ਉਹ ਸੋਸ਼ਲ ਮੀਡੀਆ ਰਾਹੀਂ ਇੱਕ ਪਾਸੇ ਜਿੱਥੇ ਉਹ ਨਿੱਤ ਨਵੇਂ ਨਵੇਂ ਲੇਖਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਆਪਣੀ ਬਹੁਤ ਉੱਚ ਪੱਧਰ ਦੇ ਲੋਕਾਂ ਨਾਲ ਜਾਣ ਪਛਾਣ ਹੋਣ ਦਾ ਵੇਰਵਾ ਦਿੰਦੇ ਹਨ, ਆਪਣੇ ਆਪ ਨੂੰ ਮਾਂ ਬੋਲੀ ਦੇ ਸੱਚੇ ਸੇਵਕ ਦੱਸਦੇ ਹਨ, ਫਿਰ ਦੱਸਦੇ ਹਨ ਕਿ ਉਨ੍ਹਾਂ ਦੁਆਰਾ ਭੇਜੀਆਂ ਰਚਨਾਵਾਂ ਹੀ ਅਖ਼ਬਾਰਾਂ ਵਾਲੇ ਛਾਪਦੇ ਹਨ। ਕਿਸੇ ਹੱਦ ਤੱਕ ਤਾਂ ਇਹ ਸੱਚ ਵੀ ਸਾਬਿਤ ਹੋ ਰਿਹਾ ਹੈ।ਜਦ ਇੱਕ ਚੰਗਾ ਲੇਖਕ ਆਪਣੀਆਂ ਲਿਖਤਾਂ ਰਾਹੀਂ ਚੰਗੀ ਜਾਣ ਪਛਾਣ ਬਣਾ ਲੈਂਦਾ ਹੈ ਤਾਂ ਉਸ ਨੂੰ ਉਹ ਵਿਚੋਲੇ ਬਿਲਕੁਲ ਬੰਧਕਾਂ ਦੀ ਤਰ੍ਹਾਂ ਉਹਨਾਂ ਨੂੰ ਕਿਸੇ ਸਾਹਿਤ ਸਭਾ ਜਾਂ ਪੰਜਾਬੀ ਭਾਸ਼ਾ ਨਾਲ ਸਬੰਧਤ ਸੰਮੇਲਨ ਵਿੱਚ ਜਾਣ ਤੋਂ ਵਰਜਦੇ ਹਨ। ਉਹਨਾਂ ਨੂੰ ਆਪਣੀਆਂ ਕਿਤਾਬਾਂ ਛਪਵਾਉਣ ਤੋਂ ਵਰਜਦੇ ਹਨ। ਨਵੇਂ ਲੇਖਕਾਂ ਦੀਆਂ ਲਿਖਤਾਂ ਅਖ਼ਬਾਰਾਂ ਨੂੰ ਭੇਜਣ ਲਈ ਉਹਨਾਂ ਦੀਆਂ ਜਾਲੀ ਈਮੇਲ ਆਈਡੀਆਂ ਰਾਹੀਂ ਲਿਖਤਾਂ ਨੂੰ ਭੇਜਿਆ ਜਾਂਦਾ ਹੈ। ਜੋ ਕਿ ਇੱਕ ਕਾਨੂੰਨੀ ਜੁਰਮ ਹੈ।ਲੇਖਕਾਂ ਨੂੰ ਅਖ਼ਬਾਰਾਂ ਲਈ ਰਚਨਾਵਾਂ ਭੇਜਣ ਵਾਲ਼ੀਆਂ ਆਈਡੀਆਂ ਤੋਂ ਬੇਖ਼ਬਰ ਰੱਖਿਆ ਜਾਂਦਾ ਹੈ। ਜੇ ਕੋਈ ਲੇਖਕ ਉਨ੍ਹਾਂ ਦੀ ਬੰਧਕ ਪ੍ਰਵਰਿਤੀ ਤੋਂ ਉਲਟ ਜਾਗਰੂਕ ਹੋ ਕੇ ਆਪਣੀ ਮਰਜ਼ੀ ਨਾਲ ਅਖ਼ਬਾਰਾਂ ਤੱਕ ਪਹੁੰਚ ਕਰਨ ਲੱਗੇ ਤਾਂ ਉਹਨਾਂ ਦੇ ਹੱਥ ਪੈਰ ਫੁੱਲਣ ਲੱਗ ਜਾਂਦੇ ਹਨ ਤੇ ਉਹ ਬਹਤੇ ਥਾਵਾਂ ਤੇ ਉਹਨਾਂ ਦੀਆਂ ਰਚਨਾਵਾਂ ਨਾ ਛਾਪਣ ਸੰਬੰਧੀ ਅਖ਼ਬਾਰਾਂ ਦੇ ਉੱਚ ਅਧਿਕਾਰੀਆਂ ਨੂੰ ਉਸ ਲੇਖਕ ਪ੍ਰਤੀ ਗੁੰਮਰਾਹ ਕਰਦੇ ਹਨ। ਇਸ ਵਿੱਚ ਅਖ਼ਬਾਰਾਂ ਦੇ ਉੱਚ ਅਧਿਕਾਰੀ ਉਹਨਾਂ ਦੀਆਂ ਚਾਲਾਂ ਤੋਂ ਬੇਖ਼ਬਰ ਹੁੰਦੇ ਹਨ ਕਿਉਂਕਿ ਉਹ ਲੋਕ ਉਹਨਾਂ ਨੂੰ ਆਪਣੀਆਂ ਵੱਡੀਆਂ ਵੱਡੀਆਂ ਗੱਲਾਂ ਰਾਹੀਂ ਪ੍ਰਭਾਵਤ ਕਰਨਾ ਜਾਣਦੇ ਹਨ,ਜਦ ਕਿ ਉਹ ਆਪਣੀ ਜਗ੍ਹਾ ਸਹੀ ਹੁੰਦੇ ਹਨ, ਉਹਨਾਂ ਨੂੰ ਕੀ ਪਤਾ ਕਿ ਇਹ ਸਾਰੀਆਂ ਰਚਨਾਵਾਂ ਇੱਕ ਬੰਦੇ ਦੁਆਰਾ ਹੀ ਜਾਲੀ ਆਈਡੀਆਂ ਰਾਹੀਂ ਭੇਜੀਆਂ ਜਾ ਰਹੀਆਂ ਹਨ। ਜਿਹੜੇ ਅਖ਼ਬਾਰ ਉਹਨਾਂ ਦਾ ਇਹ ਭੇਤ ਜਾਣ ਜਾਂਦੇ ਹਨ ਉਹ ਲੇਖਕਾਂ ਨੂੰ ਆਪ ਫੋਨ ਕਰਕੇ ਸੁਚੇਤ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਸਿੱਧੇ ਤੌਰ ਤੇ ਭੇਜਣ ਦੀ ਤਾਕੀਦ ਕਰਦੇ ਹਨ। ਇਸ ਤਰ੍ਹਾਂ ਇੱਕ ਜਗ੍ਹਾ ਤੋਂ ਦਬਦਬਾ ਖਤਮ ਹੋਣ ਤੋਂ ਬਾਅਦ ਉਹ ਵਿਚੋਲੇ ਹੋਰ ਨਵੇਂ ਅਖ਼ਬਾਰਾਂ ਦਾ ਦਰਵਾਜ਼ਾ ਖਟਖਟਾਉਂਦੇ ਹਨ। ਇਹਨਾਂ ਵਿਚੋਲਿਆਂ ਨੇ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾਉਣ ਲਈ ਅੱਠ ਦਸ ਫੇਸਬੁੱਕ ਅਕਾਊਂਟ ਬਣਾਏ ਹੁੰਦੇ ਹਨ ਤਾਂ ਜੋ ਵੱਧ ਤੋਂ ਵੱਧ ਲੇਖਕਾਂ ਨੂੰ ਜਾਲ਼ ਵਿੱਚ ਫਸਾਇਆ ਜਾ ਸਕੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਮਛੇਰਾ ਮੱਛੀਆਂ ਨੂੰ ਜਾਲ਼ ਵਿੱਚ ਫਸਾਉਂਦਾ ਹੈ। ਸੋ ਇੱਕ ਚੰਗੇ ਲੇਖਕ ਹੋਣ ਦੇ ਨਾਤੇ ਅਤੇ ਇੱਕ ਚੰਗੇ ਮਾਂ ਬੋਲੀ ਦੇ ਪ੍ਰਚਾਰਕ ਹੋਣ ਦੇ ਨਾਤੇ ਆਪਾਂ ਸਭ ਨੂੰ ਇਹੋ ਜਿਹੇ ਅਖੌਤੀ ਮਾਂ ਬੋਲੀ ਦੇ ਸੇਵਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੀ ਮਾਂ ਬੋਲੀ ਦੇ ਸੱਚੇ ਸੇਵਕ ਬਣਨ ਦਾ ਕਰਤੱਵ ਨਿਭਾ ਸਕੀਏ। ਸੱਚ ਦੇ ਰਾਹ ਤੇ ਚੱਲ ਕੇ ਸਾਰੇ ਪਾਠਕਾਂ ਦੇ ਮਾਰਗ ਦਰਸ਼ਕ ਬਣਨਾ ਚਾਹੀਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

Video Ad
Video Ad