Home ਤਾਜ਼ਾ ਖਬਰਾਂ ਮਾਨ ਨੇ ਸਰਕਾਰ ਗੁਜਰਾਤ ਚੋਣ ਪ੍ਰਚਾਰ ’ਚ ਝੋਕੀ

ਮਾਨ ਨੇ ਸਰਕਾਰ ਗੁਜਰਾਤ ਚੋਣ ਪ੍ਰਚਾਰ ’ਚ ਝੋਕੀ

0
ਮਾਨ ਨੇ ਸਰਕਾਰ ਗੁਜਰਾਤ ਚੋਣ ਪ੍ਰਚਾਰ ’ਚ ਝੋਕੀ

ਚੰਡੀਗੜ੍ਹ, 26 ਨਵੰਬਰ, ਕਮਲਜੀਤ ਸਿੰਘ ਬਨਵੈਤ : ਬੜੀ ਪੁਰਾਣੀ ਅਖੌਤ ਹੈ ਕਿ ਰੋਮ ਜਲ ਰਿਹੈ ਅਤੇ ਨੀਰੂ ਬੰਸਰੀ ਵਜਾ ਰਿਹਾ ਹੈ। ਪੰਜਾਬ ਅੱਜ ਸੜਕਾਂ ’ਤੇ ਹੈ ਤੇ ਸਰਕਾਰ ਗੁਜਰਾਤ ਚੋਣ ਪ੍ਰਚਾਰ ’ਤੇ ਚੜ੍ਹੀ ਹੋਈ ਹੈ। ਪਿਛਲੇ ਇੱਕ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਦੂਜੇ ਮੰਤਰੀਆਂ ਦੇ ਪੈਰਾਂ ਦੀ ਆਹਟ ਸੁਣਨ ਨੂੰ ਸਕੱਤਰੇਤ ਤਰਸ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੀਆਂ ਕੰਧਾਂ ਬੋਲਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 29 ਨਵੰਬਰ ਤੱਕ ਪੰਜਾਬ ਵਾਪਸ ਨਹੀਂ ਪਰਤਣਗੇ। ਗੁਜਰਾਤ ਵਿਚ ਚੋਣਾਂ ਦੋ ਪੜਾਵਾਂ ਵਿਚ ਹੋਣਗੀਆਂ ਪਹਿਲੀ ਅਤੇ ਪੰਜ ਦਸੰਬਰ ਨੂੰ। ਗੁਜਰਾਤ ਦੇ ਨਾਲ ਹਿਮਾਚਲ ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਵੀ 8 ਦਸੰਬਰ ਨੂੰ ਹੋਵੇਗਾ।
ਪੰਜਾਬ ਸਕੱਤਰੇਤ ਦੀਆਂ ਗਲੀਆਂ ਸੁੰਨੀਆਂ ਦਿਸ ਰਹੀਆਂ ਹਨ। ਅਫ਼ਸਰ ਵੀ ਦਫ਼ਤਰ ਦੀਆਂ ਪੌੜੀਆਂ ਘੱਟ ਵੱਧ ਹੀ ਚੜ੍ਹ ਰਹੇ ਹਨ। ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਦੀ ਆਵਾਜਾਈ ਵੀ ਘੱਟ ਹੈ। ਸਰਕਾਰੀ ਕੰਮ ਨੁੂੰ ਇੱਕ ਤਰ੍ਹਾਂ ਬਰੇਕਾਂ ਲੱਗ ਗਈਆਂ ਹਨ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸਕੱਤਰੇਤ ਸਥਿਤ ਮੰਤਰੀਆਂ ਦੇ ਕਮਰੇ ਸੁੰਨੇ ਪਏ ਦਿਸਦੇ ਸਨ। ਮੋਤੀਆਂ ਵਾਲੀ ਸਰਕਾਰ ਪਹਿਲੀ ਟਰਮ ਨੂੰ ਪਟਿਆਲਾ ਮਹਿਲਾਂ ਵਿਚੋਂ ਚਲਦੀ ਰਹੀ ਸੀ। ਇਸ ਵਾਰ ਸਿਸਵਾਂ ਦੀ ਠੰਡੀਆਂ ਵਾਦੀਆ ਵਿਚ ਬਣੇ ਫਾਰਮ ਹਾਊਸ ਤੋਂ ਚੱਲੀ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਸੁਭਾਅ ਚਲ ਸੋ ਚਲ ਵਾਲਾ ਸੀ। ਮੁੱਖ ਮੰਤਰੀ ਹੁੰਦਿਆਂ ਨਾ ਉਹ ਆਪ ਚੈਨ ਨਾਲ ਬੈਠੇ ਅਤੇ ਨਾ ਹੀ ਮੰਤਰੀਆਂ ਨੂੰ ਟਿਕਣ ਦਿੱਤਾ। ਸਵਾ ਸੌ ਦਿਨਾਂ ਵਾਸਤੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੇ ਪੈਰਾਂ ਹੇਠ ਚੱਕਰ ਪਿਆ ਰਿਹਾ। ਉਹ ਘਰ ਘੱਟ ਵੱਧ ਹੀ ਟਿਕੇ। ਜ਼ਿਆਦਾਤਰ ਡੇਰਾ ਸਕੱਤਰੇਤ ਵਿਚ ਲਾਈ ਰੱਖਿਆ ਜਾਂ ਫੇਰ ਚੌਪਰ ਦੀਆਂ ਉਡਾਣਾਂ ਭਰ ਕੇ ਅਪਣੇ ਨਵੇਂ ਅਤੇ ਪੁਰਾਣੇ ਸਾਰੇ ਚਾਅ ਲਾਹ ਲਏ।
ਆਮ ਆਦਮੀ ਪਾਰਟੀ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਭਗਵੰਤ ਮਾਨ ਦੀ ਪੂਰੀ ਵਜ਼ਾਰਤ ਗੁਜਰਾਤ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਬੈਠੀ ਹੈ। ਕਰੀਬ 92 ਵਿਧਾਇਕਾਂ ਵਿਚੋਂ 85 ਤੋਂ ਵੱਧ ਅਪਣੇ ਖ਼ਰਚੇ ’ਤੇ ਸਾਥੀਆਂ ਸਮੇਤ ਗੁਜਰਾਤ ਦੇ ਪਿੰਡਾਂ ਵਿਚ ਡੇਰੇ ਲਾਈ ਬੈਠੇ ਹਨ।
ਮੁੱਖ ਮੰਤਰੀ ਨੇ 25 ਨਵੰਬਰ ਨੂੰ ਇੱਕ ਸਮਾਗਮ ਵਿਚ ਸ਼ਾਮਲ ਹੋਣਾ ਸੀ ਪਰ ਉਹ ਨਾ ਆਏ ਅੱਜ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਫੰਕਸ਼ਨ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਚਾਹੇ ਗੁਜਰਾਤ ਵਿਚ ਚੋਣ ਪ੍ਰਚਾਰ ਲਈ ਡਟੇ ਹੋਏ ਹਨ ਪਰ ਉਹ ਪੰਜਾਬ ’ਤੇ ਵੀ ਬਾਜ਼ ਅੱਖ ਰੱਖ ਰਹੇ ਹਨ। ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਾਨ ਉਥੋਂ ਪਲ ਪਲ ਦੀ ਅਪਡੇਟ ਲੈ ਰਹੇ ਹਨ।
ਕਿਸਾਨਾਂ ਦਾ ਅੱਜ ਇਤਿਹਾਸਕ ਰੋਸ ਮਾਰਚ ਹੈ। ਕਿਸਾਨ ਮੰਗਾਂ ਮਨਵਾਉਣ ਲਈ ਦ੍ਰਿੜ੍ਹ ਹਨ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਪਣੇ ਬਿਆਨ ’ਤੇ ਖੇਡ ਚੁੱਕੇ ਹਨ। ਮੁਲਾਜ਼ਮ ਵਰਗ ਸੜਕਾਂ ’ਤੇ ਹੈ। ਬੇਰੁਜ਼ਗਾਰ ਨੌਕਰੀ ਲਈ ਵਿਲਕ ਰਹੇ ਹਨ। ਅਮਨ ਅਤੇ ਕਾਨੂੰਨ ਦੀ ਸਥਿਤੀ ਖੰਭ ਲਾ ਕੇ ਉਡ ਗਈ ਲੱਗਦੀ ਹੈ। ਅਜਿਹੇ ਹਾਲਾਤਾਂ ਵਿਚ ਮੁੱਖ ਮੰਤਰੀ ਵਾਸਤੇ ਮੰਚ ਸੁੰਨਾ ਛੱਡਣਾ ਅਕਲਮੰਦੀ ਨਹੀਂ।
ਚੋਣ ਸਰਵੇਖਣ ਤੋਂ ਆਮ ਆਦਮੀ ਪਾਰਟੀ ਦੀ ਹਿਮਾਚਲ ਵਿਚ ਹਾਲਤ ਪਤਲੀ ਰਹਿਣ ਅਤੇ ਗੁਜਰਾਤ ਵਿਚ ਖਾਤਾ ਖੋਲ੍ਹਣ ਦੀ ਭਵਿੱਖਬਾਣੀ ਸਾਹਮਣੇ ਆ ਰਹੀ ਹੈ।
ਹਿਮਾਚਲ ਵਿਚ ਮੁਕਾਬਲਾ ਦੋ ਰਵਾਇਤੀ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਿਚ ਬਣਿਆ ਰਿਹਾ। ਗੁਜਰਾਤ ਵਿਚ ਵੀ ਆਮ ਆਦਮੀ ਪਾਰਟੀ ਦੇ ਹਾਲੇ ਤੱਕ ਤਾਂ ਪੈਰ ਨਹੀਂ ਲੱਗ ਰਹੇ ਹਨ ਅਤੇ ਇੱਕ ਮੀਡੀਆ ਹਾਊਸ ਨੇ ਆਪ ਨੂੰ ਸਿੰਗਲ ਡਿਜ਼ਟ ਸੀਟਾਂ ਦੇਣ ਦੀ ਭਵਿੱਖਬਾਣੀ ਕਰ ਦਿੱਤੀ ਹੈ।
ਨਿਰਸੰਦੇਹ ਉਹ ਪਾਰਟੀ ਜਿਸ ਨੇ ਝੰਡੀ ਵਾਲੀ ਕਾਰਾਂ ਦਿੱਤੀਆਂ ਹਨ, ਪ੍ਰਤੀ ਵਫਾਦਾਰੀ ਵਾਜ਼ਬ ਹੈ। ਪਰ ਜਿਸ ਦੇ ਅਪਣੇ ਘਰ ਨੂੰ ਅੱਗ ਲੱਗੀ ਹੋਵੇ ਉਹ ਭਲਾਂ ਪ੍ਰਾਹੁਣਾ ਬਣ ਕੇ ਕਿੱਥੇ ਜਾਂਦਾ ਹੈ।