ਲੁਧਿਆਣਾ, 17 ਮਈ, ਹ.ਬ. : ਪੰਜਾਬ ਦੇ ਲੁਧਿਆਣਾ ਵਿੱਚ ਬੁੱਧਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਕਲ ਸਵਾਰ ਵਿਦਿਆਰਥੀ ਨੂੰ ਦਰੜ ਦਿੱਤਾ। ਜਿਸ ਵਿਚ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਿੱਪਰ ਚਾਲਕ ਫ਼ਰਾਰ ਹੋ ਗਿਆ। ਵਿਦਿਆਰਥੀ ਸਿਹਤ ਖਰਾਬ ਹੋਣ ਕਾਰਨ ਛੁੱਟੀ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਸ਼ਿਵਮ (13) ਵਜੋਂ ਹੋਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਬੁੱਧਵਾਰ ਨੂੰ ਉਹ ਦੋ ਦਿਨਾਂ ਦੀ ਛੁੱਟੀ ਦੀ ਅਰਜ਼ੀ ਦੇਣ ਲਈ ਸਕੂਲ ਗਿਆ ਸੀ। ਇਸ ਤੋਂ ਬਾਅਦ ਉਹ ਸਾਈਕਲ ’ਤੇ ਘਰ ਲਈ ਰਵਾਨਾ ਹੋ ਗਿਆ। ਕੈਲਾਸ਼ ਨਗਰ ਮੋੜ ਨੇੜੇ ਇਕ ਤੇਜ਼ ਰਫਤਾਰ ਟਿੱਪਰ ਨੇ ਸ਼ਿਵਮ ਨੂੰ ਦਰੜ ਦਿੱਤਾ। ਜਿਸ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੂਨ ਨਾਲ ਲੱਥਪੱਥ ਵਿਦਿਆਰਥੀ ਨੂੰ ਸੜਕ ’ਤੇ ਡਿੱਗਦਾ ਦੇਖ ਡਰਾਈਵਰ ਨੇ ਪਹਿਲਾਂ ਟਿੱਪਰ ਨੂੰ ਸਾਈਡ ਕੀਤਾ, ਫਿਰ ਉਥੋਂ ਫ਼ਰਾਰ ਹੋ ਗਿਆ। ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸ਼ਿਵਮ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਗਹਿਲੇਵਾਲ ਦਾ ਰਹਿਣ ਵਾਲਾ ਹੈ। ਸ਼ਿਵਮ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਉਸ ਦੇ ਲੜਕੇ ਦੀ ਜਾਨ ਚਲੀ ਗਈ ਹੈ। ਉਨ੍ਹਾਂ ਪੁਲਸ ਤੋਂ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।