ਮਾਰਕੁੱਟ ‘ਚ ਜ਼ਖ਼ਮੀ ਭਾਜਪਾ ਕਾਰਕੁਨ ਦੀ ਮਾਂ ਦੀ ਮੌਤ, ਅਮਿਤ ਸ਼ਾਹ ਨੇ ਟੀਐਮਸੀ ਉੱਤੇ ਦੋਸ਼ ਲਾਇਆ

ਕੋਲਕਾਤਾ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਦੇ ਉੱਤਰੀ ਦਮਦਮ ‘ਚ ਭਾਜਪਾ ਕਾਰਕੁਨ ਗੋਪਾਲ ਮਜੂਮਦਾਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਮਜੂਮਦਾਰ ‘ਤੇ ਕੁਝ ਦਿਨ ਪਹਿਲਾਂ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਜ਼ਖ਼ਮੀ 85 ਸਾਲਾ ਬਜ਼ੁਰਗ ਮਾਂ ਦੀ ਮੌਤ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ‘ਤੇ ਇਹ ਹਮਲਾ ਟੀਐਮਸੀ ਦੇ ਗੁੰਡਿਆਂ ਨੇ ਕੀਤਾ ਸੀ। ਸ਼ੋਭਾ ਮਜੂਮਦਾਰ ਦੀ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੋਭਾ ਮਜੂਮਦਾਰ ਦੀ ਮੌਤ ‘ਤੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਅਮਿਤ ਸ਼ਾਹ ਨੇ ਟਵੀਟ ਕੀਤਾ, “ਬੰਗਾਲ ਦੀ ਬੇਟੀ ਸ਼ੋਭਾ ਮਜੂਮਦਾਰ ਦੀ ਮੌਤ ਕਾਰਨ ਮਨ ਬਹੁਤ ਦੁਖੀ ਹੈ। ਟੀਐਮਸੀ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਕੁੱਟਮਾਰ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਦੀ ਮੌਤ ਅਤੇ ਪਰਿਵਾਰ ਦਾ ਦਰਦ ਮਮਤਾ ਦੀਦੀ ਦਾ ਲੰਮੇ ਸਮੇਂ ਤਕ ਪਿੱਛਾ ਨਹੀਂ ਛੱਡੇਗਾ।”
ਸ਼ੋਭਾ ਮਜੂਮਦਾਰ ਦੀ ਮੌਤ ‘ਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਕਿਹਾ, “ਪਰਮਾਤਮਾ, ਸ਼ੋਭਾ ਮਜੂਮਦਾਰ ਦੀ ਆਤਮਾ ਨੂੰ ਸ਼ਾਂਤੀ ਦੇਵੇ। ਬੇਟੇ ਗੋਪਾਲ ਮਜੂਮਦਾਰ ਦੇ ਭਾਜਪਾ ਕਾਰਕੁਨ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ। ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ। ਉਹ ਬੰਗਾਲ ਦੀ ਮਾਂ, ਬੰਗਾਲ ਦੀ ਧੀ ਸੀ। ਭਾਜਪਾ ਹਮੇਸ਼ਾ ਮਾਂ ਅਤੇ ਧੀ ਦੀ ਸੁਰੱਖਿਆ ਲਈ ਲੜਦੀ ਰਹੇਗੀ।”
ਇਸ ਦੇ ਨਾਲ ਹੀ ਭਾਜਪਾ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਇਸ ਮੁੱਦੇ ‘ਤੇ ਟਵੀਟ ਕਰਕੇ ਟੀਐਮਸੀ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ, “ਬੰਗਾਲ ਦੀ ਇਹ ਧੀ, ਕਿਸੇ ਦੀ ਮਾਂ, ਕਿਸੇ ਦੀ ਭੈਣ ਦੀ ਮੌਤ ਹੋ ਚੁੱਕੀ ਹੈ। ਟੀਐਮਸੀ ਕੈਡਰ ਵੱਲੋਂ ਉਨ੍ਹਾਂ ‘ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਪਰ ਮਮਤਾ ਬੈਨਰਜੀ ਨੂੰ ਉਨ੍ਹਾਂ ‘ਤੇ ਤਰਸ ਨਹੀਂ ਆਇਆ।”

Video Ad

ਅਮਿਤ ਸ਼ਾਹ ਦੱਸਣ ਕਿ ਹਾਥਰਾਸ ‘ਚ ਕੀ ਹਾਲਾਤ ਹਨ? : ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ‘ਚ ਪ੍ਰੋਗਰਾਮ ਦੌਰਾਨ ਸ਼ੋਭਾ ਮਜੂਮਦਾਰ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਮਮਤਾ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਭੈਣ ਦੀ ਮੌਤ ਕਿਵੇਂ ਹੋਈ। ਅਸੀਂ ਔਰਤਾਂ ਵਿਰੁੱਧ ਹਿੰਸਾ ਦਾ ਸਮਰਥਨ ਨਹੀਂ ਕਰਦੇ।” ਮਮਤਾ ਨੇ ਅਮਿਤ ਸ਼ਾਹ ਦੇ ਟਵੀਟ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਸ਼ਾਹ ਟਵੀਟ ਕਰ ਸਕਦੇ ਹਨ ਕਿ ਬੰਗਾਲ ਦੀ ਹਾਲਤ ਕੀ ਹੈ? ਕੀ ਉਹ ਦੱਸਣਗੇ ਕਿ ਯੂਪੀ ਵਿੱਚ ਕੀ ਹਾਲਾਤ ਹਨ? ਹਾਥਰਾਸ ‘ਚ ਕੀ ਹਾਲਾਤ ਹਨ?”

ਸ਼ੋਭਾ ਮਜੂਮਦਾਰ ਦੀ ਮੌਤ ਬਿਮਾਰੀ ਕਾਰਨ ਹੋਈ ਹੈ : ਸੌਗਾਤ ਰਾਏ
ਟੀਐਮਸੀ ਦੇ ਸੰਸਦ ਮੈਂਬਰ ਸੌਗਾਤ ਰਾਏ ਨੇ ਇਸ ਘਟਨਾ ‘ਤੇ ਪਾਰਟੀ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ ਪਹਿਲਾਂ ਭਾਜਪਾ ਵਰਕਰ ਗੋਪਾਲ ਮਜੂਮਦਾਰ ਦੇ ਘਰ ਦੇ ਸਾਹਮਣੇ ਟੀਐਮਸੀ ਵਰਕਰ ਨਾਲ ਵਿਵਾਦ ਹੋਇਆ ਸੀ। ਇਸ ਦੌਰਾਨ ਗੋਪਾਲ ਹੇਠਾਂ ਡਿੱਗ ਗਿਆ ਸੀ, ਉਸ ਦੀ ਮਾਂ ਨੇ ਸੋਚਿਆ ਕਿ ਮੇਰੇ ਬੇਟੇ ਉੱਤੇ ਹਮਲਾ ਹੋਇਆ ਹੈ, ਇਸ ਲਈ ਉਹ ਵੀ ਭੱਜ ਕੇ ਡਿੱਗ ਗਈ ਸੀ ਅਤੇ ਉਹ ਵੀ ਜ਼ਖ਼ਮੀ ਹੋ ਗਈ ਸੀ। ਵੱਖ-ਵੱਖ ਬਿਮਾਰੀਆਂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਮੈਨੂੰ ਉਨ੍ਹਾਂ ਦੀ ਮੌਤ ‘ਤੇ ਅਫਸੋਸ ਹੈ, ਪਰ ਉਨ੍ਹਾਂ ਦੇ ਬੇਟੇ ਜਾਂ ਟੀਐਮਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Video Ad