Home ਕਾਰੋਬਾਰ ਮਾਰਚ ‘ਚ ਜੀਐਸਟੀ ਕਲੈਕਸ਼ਨ ਦਾ ਨਵਾਂ ਰਿਕਾਰਡ, ਸਰਕਾਰ ਨੂੰ 1.23 ਲੱਖ ਕਰੋੜ ਰੁਪਏ ਮਿਲੇ

ਮਾਰਚ ‘ਚ ਜੀਐਸਟੀ ਕਲੈਕਸ਼ਨ ਦਾ ਨਵਾਂ ਰਿਕਾਰਡ, ਸਰਕਾਰ ਨੂੰ 1.23 ਲੱਖ ਕਰੋੜ ਰੁਪਏ ਮਿਲੇ

0
ਮਾਰਚ ‘ਚ ਜੀਐਸਟੀ ਕਲੈਕਸ਼ਨ ਦਾ ਨਵਾਂ ਰਿਕਾਰਡ, ਸਰਕਾਰ ਨੂੰ 1.23 ਲੱਖ ਕਰੋੜ ਰੁਪਏ ਮਿਲੇ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਮਾਲ ਤੇ ਸੇਵਾ ਟੈਕਸ (ਜੀਐਸਟੀ) ਦਾ ਮਾਲੀਆ ਇਕੱਤਰ ਕਰਨ ਦੇ ਮਾਮਲੇ ‘ਚ ਮਾਰਚ 2021 ‘ਚ ਇਕ ਨਵਾਂ ਰਿਕਾਰਡ ਬਣਿਆ ਹੈ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਸਖ਼ਤ ਨਿਗਰਾਨੀ ਕਰਕੇ ਮਾਰਚ 2021 ‘ਚ 1,23,902 ਕਰੋੜ ਰੁਪਏ ਦਾ ਰਿਕਾਰਡ ਜੀਐਸਟੀ ਇਕੱਤਰ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜਦੋਂ ਤੋਂ ਦੇਸ਼ ‘ਚ ਜੀਐਸਟੀ ਲਾਗੂ ਹੋਇਆ ਹੈ, ਉਸ ਤੋਂ ਬਾਅਦ ਮਾਰਚ 2021 ‘ਚ ਸਭ ਤੋਂ ਵੱਧ ਜੀਐਸਟੀ ਕਲੈਕਸ਼ਨ ਹੋਇਆ ਹੈ।
ਪਿਛਲੇ 5 ਮਹੀਨਿਆਂ ਤੋਂ ਜੀਐਸਟੀ ਮਾਲੀਏ ‘ਚ ਸੁਧਾਰ ਦਾ ਰੁਝਾਨ ਲਗਾਤਾਰ ਜਾਰੀ ਹੈ। ਮਾਰਚ 2021 ‘ਚ ਇਕੱਤਰ ਹੋਣ ਵਾਲਾ ਮਾਲੀਆ ਇਕ ਸਾਲ ਪਹਿਲਾਂ ਦੇ ਇਸ ਮਹੀਨੇ ਨਾਲੋਂ 27 ਫ਼ੀਸਦੀ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਜੀਐਸਟੀ ਕਲੈਕਸ਼ਨ ਲਗਾਤਾਰ 6ਵੇਂ ਮਹੀਨੇ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਇਹ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਮਹਾਂਮਾਰੀ ਤੋਂ ਬਾਅਦ ਅਰਥਚਾਰੇ ‘ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਜੀਐਸਟੀ, ਇਨਕਮ ਟੈਕਸ ਅਤੇ ਕਸਟਮਜ਼ ਆਈ.ਟੀ. ਸਿਸਟਮ ਸਮੇਤ ਬਹੁਪੱਖੀ ਸਰੋਤਾਂ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਜਾਅਲੀ-ਬਿਲਿੰਗ ਵਿਰੁੱਧ ਸਖ਼ਤ ਨਿਗਰਾਨੀ ਕੀਤੀ ਗਈ ਹੈ, ਜਿਸ ਨੇ ਮਾਲੀਆ ਇਕੱਤਰ ਕਰਨ ‘ਚ ਯੋਗਦਾਨ ਪਾਇਆ। ਮਾਰਚ 2021 ‘ਚ ਜੀਐਸਟੀ ਦਾ ਕੁੱਲ ਮਾਲੀਆ 1,23,902 ਕਰੋੜ ਰੁਪਏ ਰਿਹਾ, ਜਿਸ ‘ਚ ਕੇਂਦਰੀ ਜੀਐਸਟੀ ਲਈ 22,973 ਕਰੋੜ ਰੁਪਏ, ਸੂਬਾ ਜੀਐਸਟੀ ਲਈ 29,329 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ ਲਈ 62,842 ਕਰੋੜ ਰੁਪਏ (ਸਾਮਾਨ ਦੀ ਦਰਾਮਦ ਲਈ 31,097 ਕਰੋੜ ਰੁਪਏ) ਅਤੇ ਸੈੱਸ ਦੇ 8,757 ਰੁਪਏ (ਵਸਤੂਆਂ ਦੀ ਦਰਾਮਦ ‘ਤੇ ਜਮਾਂ 935 ਕਰੋੜ ਰੁਪਏ) ਸ਼ਾਮਲ ਹਨ।
ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਜੀਐਸਟੀ ਦੀ ਸ਼ੁਰੂਆਤ ਤੋਂ ਬਾਅਦ ਮਾਰਚ 2021 ਦੌਰਾਨ ਜੀਐਸਟੀ ਦੀ ਆਮਦਨੀ ਸਭ ਤੋਂ ਵੱਧ ਹੈ। ਪਿਛਲੇ ਪੰਜ ਮਹੀਨਿਆਂ ‘ਚ ਜੀਐਸਟੀ ਮਾਲੀਆ ਇਕੱਤਰ ਕਰਨ ਦੇ ਰੁਝਾਨ ਦੇ ਅਨੁਕੂਲ ਹੀ ਮਾਰਚ 2021 ‘ਚ ਮਾਲੀਆ ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 27 ਫ਼ੀਸਦੀ ਵੱਧ ਹੈ।
ਇਸ ਤੋਂ ਪਹਿਲਾਂ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੀ ਕੁਲੈਕਸ਼ਨ ਫ਼ਰਵਰੀ ‘ਚ ਲਗਾਤਾਰ ਪੰਜਵੇਂ ਮਹੀਨੇ 1 ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਜ਼ਿਆਦਾ ਰਹੀ ਸੀ। ਫ਼ਰਵਰੀ ‘ਚ ਜੀਐਸਟੀ ਦਾ ਕੁਲੈਕਸ਼ਨ 1.13 ਲੱਖ ਕਰੋੜ ਰੁਪਏ ਸੀ। ਜੀਐਸਟੀ ਕੁਲੈਕਸ਼ਨ ਜਨਵਰੀ ‘ਚ 1,19,875 ਕਰੋੜ ਰੁਪਏ ਰਿਹਾ। ਫਰਵਰੀ ‘ਚ ਕੁਲ ਜੀਐਸਟੀ ਕੁਲੈਕਸ਼ਨ 1,13,143 ਕਰੋੜ ਰੁਪਏ ਰਿਹਾ। ਇਸ ‘ਚੋਂ ਕੇਂਦਰੀ ਜੀਐਸਟੀ (ਸੀਜੀਐਸਟੀ) ਦਾ ਹਿੱਸਾ 21,092 ਕਰੋੜ ਰੁਪਏ, ਸਟੇਟ ਜੀਐਸਟੀ (ਐਸਜੀਐਸਟੀ) ਦਾ ਹਿੱਸਾ 27,273 ਕਰੋੜ ਰੁਪਏ ਅਤੇ ਏਕੀਕ੍ਰਿਤ ਜੀਐਸਟੀ (ਆਈਜੀਐਸਟੀ) ਦਾ ਹਿੱਸਾ 55,253 ਕਰੋੜ ਰੁਪਏ ਸੀ।