ਮਾਰਬਲ ਨਾਲ ਭਰਿਆ ਕੰਟੇਨਰ ਕਾਰ ਉੱਤੇ ਡਿੱਗਿਆ, ਦਰਦਨਾਕ ਹਾਦਸੇ ‘ਚ 4 ਲੋਕਾਂ ਦੀ ਮੌਤ

ਜੈਪੁਰ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਗੁਡਾ ਏਂਡਲਾ ਥਾਣਾ ਖੇਤਰ ਦੇ ਬਾਰਲਾਈ ਪਿੰਡ ਦੇ ਨੈਸ਼ਨਲ ਹਾਈਵੇਅ ‘ਤੇ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਮਾਰਬਲ ਨਾਲ ਭਰਿਆ ਕੰਟੇਨਰ ਬੇਕਾਬੂ ਹੋ ਕੇ ਇਥੋਂ ਗੁਜਰ ਰਹੀ ਇਕ ਕਾਰ ਉੱਪਰ ਪਲਟ ਗਿਆ। ਇਸ ਹਾਦਸੇ ‘ਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰ ਸਵਾਰ ਸਾਰੇ ਲੋਕ ਜੋਧਪੁਰ ਤੋਂ ਅਹਿਮਦਾਬਾਦ ਜਾ ਰਹੇ ਸਨ।

Video Ad

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪਾਲੀ ਦੇ ਪੁਲਿਸ ਸੁਪਰਡੈਂਟ ਕਾਲੂਰਾਮ ਰਾਵਤ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਕਰੇਨ ਦੀ ਮਦਦ ਨਾਲ ਡਿੱਗੇ ਕੰਟੇਨਰ ਨੂੰ ਚੁੱਕਿਆ ਗਿਆ। ਪੁਲਿਸ ਨੇ ਲਾਸ਼ਾਂ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ ‘ਚ ਰਖਵਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਕਾਰ (ਆਰ.ਜੇ. 19 ਟੀ.ਏ. 9226) ਸ਼ੁੱਕਰਵਾਰ ਸਵੇਰੇ ਪਾਲੀ ਤੋਂ ਸਿਰੋਹੀ ਨੈਸ਼ਨਲ ਹਾਈਵੇਅ ‘ਤੇ ਥਾਣਾ ਗੁਡਾ ਏਂਡਲਾ ਖੇਤਰ ਦੇ ਬਾਰਲਾਈ ਪਿੰਡ ਨੇੜੀਓਂ ਗੁਜਰ ਰਹੀ ਸੀ। ਇਸ ਦੌਰਾਨ ਗੁਜਰਾਤ ਨੰਬਰ (ਜੀ.ਜੇ. 12 ਬੀ ਟੀ 3880) ਦਾ ਕੰਟੇਨਰ ਟਰਾਲਾ ਓਵਰਟੇਕ ਕਰਨ ਦੇ ਚੱਕਰ ‘ਚ ਕਾਰ ਉੱਪਰ ਪਲਟ ਗਿਆ।

ਕੰਟੇਨਰ ‘ਚ ਮਾਰਬਲ ਭਰਿਆ ਹੋਇਆ ਸੀ, ਜਿਸ ਦਾ ਭਾਰ ਕਾਫ਼ੀ ਜ਼ਿਆਦਾ ਸੀ। ਇਸ ਨਾਲ ਕਾਰ ਪੂਰੀ ਤਰ੍ਹਾਂ ਦੱਬ ਗਈ ਅਤੇ ਉਸ ‘ਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੋਧਪੁਰ ਵਾਸੀਆਂ ਵਜੋਂ ਹੋਈ ਹੈ। ਗੁਡਾ ਏਂਡਲਾ ਦੇ ਪੁਲਿਸ ਅਧਿਕਾਰੀ ਬਿਹਾਰੀ ਲਾਲ ਸ਼ਰਮਾ ਨੇ ਦੱਸਿਆ ਕਿ ਇਸ ਹਾਦਸੇ ‘ਚ ਮਨੋਜ ਸ਼ਰਮਾ ਵਾਸੀ ਜਾਲੌਰ, ਅਸ਼ਵਨੀ ਕੁਮਾਰ ਦਵੇ ਵਾਸੀ ਵਿਸ਼ਵਕਰਮਾ ਨਗਰ ਜੋਧਪੁਰ, ਬੁੱਧਰਾਮ ਪੁੱਤਰ ਤੁਲਸੀਰਾਮ ਪ੍ਰਜਾਪਤ ਵਾਸੀ ਕਮਲਾ ਨਹਿਰੂ ਨਗਰ ਜੋਧਪੁਰ ਅਤੇ ਰਸ਼ਮੀ ਦੇਵੀ ਪਤਨੀ ਅਸ਼ਵਨੀ ਕੁਮਾਰ ਦਵੇ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਾਈਵੇ ਜਾਮ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕੰਟੇਨਰ ਅਤੇ ਕਾਰ ਨੂੰ ਹਟਾ ਕੇ ਆਵਾਜਾਈ ਸੁਚਾਰੂ ਕਰਵਾਈ।

Video Ad