ਮਾਰੂਤੀ ਸੁਜ਼ੂਕੀ ਕੰਪਨੀ ਦੀਆਂ ਕਾਰਾਂ ਮੁੜ ਮਹਿੰਗੀਆਂ ਹੋਣਗੀਆਂ

ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੇ ਤੁਸੀਂ ਮਾਰੂਤੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਹੁਣ ਹੋਰ ਪੈਸੇ ਖਰਚ ਕਰਨੇ ਪੈ ਸਕਦੇ ਹਨ। ਦਰਅਸਲ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ 1 ਅਪ੍ਰੈਲ ਤੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸੇ ਸਾਲ 18 ਜਨਵਰੀ ਨੂੰ ਕੰਪਨੀ ਨੇ ਵੱਖ-ਵੱਖ ਮਾਡਲਾਂ ‘ਤੇ 34,000 ਰੁਪਏ ਵਧਾਏ ਸਨ। ਮਤਲਬ 72 ਦਿਨ ਅੰਦਰ ਕਾਰ ਫਿਰ ਮਹਿੰਗੀ ਹੋ ਜਾਵੇਗੀ।
ਕੰਪਨੀ ਨੇ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਕੰਪਨੀ ਨਾਲ ਜੁੜੇ ਸੂਤਰਾਂ ਅਨੁਸਾਰ ਕੀਮਤਾਂ 3 ਤੋਂ 5 ਫ਼ੀਸਦੀ ਤਕ ਵੱਧ ਸਕਦੀਆਂ ਹਨ। ਮਤਲਬ ਵੱਧ ਤੋਂ ਵੱਧ ਕਾਰਾਂ 47,000 ਰੁਪਏ ਤਕ ਮਹਿੰਗੀਆਂ ਹੋ ਸਕਦੀਆਂ ਹਨ। ਕੰਪਨੀ ਸ਼ੁਰੂਆਤੀ ਮਾਡਲ ਆਲਟੋ 800 ਨੂੰ ਸਭ ਤੋਂ ਘੱਟ ਅਤੇ ਬ੍ਰੇਜ਼ਾ, ਸਿਆਜ਼, XL6 ਜਿਹੀਆਂ ਲਗਜ਼ਰੀ ਕਾਰਾਂ ਨੂੰ ਸੱਭ ਤੋਂ ਵੱਧ ਮਹਿੰਗਾ ਕਰ ਸਕਦੀ ਹੈ। ਮਾਡਲ ਦੇ ਅਨੁਸਾਰ ਕਿਸ ਕਾਰ ‘ਤੇ ਕਿੰਨੇ ਰੁਪਏ ਦਾ ਵਾਧਾ ਹੋਵੇਗਾ, ਇਸ ਦਾ ਪਤਾ 1 ਅਪ੍ਰੈਲ ਨੂੰ ਹੀ ਲੱਗੇਗਾ।
ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਅਪ੍ਰੈਲ ਤੋਂ ਆਪਣੀਆਂ ਗੱਡੀਆਂ ‘ਚ ਐਮਿਸ਼ਨ ‘ਤੇ ਕੰਮ ਕੀਤਾ ਸੀ, ਜਿਸ ‘ਚ ਬਹੁਤ ਸਾਰੇ ਖਰਚੇ ਸ਼ਾਮਲ ਸਨ। ਇਸ ਲਈ ਸੋਚਿਆ ਕਿ ਕੀਮਤਾਂ ਵਧਾਵਾਂਗੇ, ਪਰ ਪਿਛਲੇ ਸਾਲ ਬਾਜ਼ਾਰ ਦੀ ਸਥਿਤੀ ਇੰਨੀ ਚੰਗੀ ਨਹੀਂ ਸੀ, ਇਸ ਲਈ ਅਸੀਂ ਉਸ ਸਮੇਂ ਕੀਮਤਾਂ ‘ਚ ਵਾਧਾ ਨਹੀਂ ਕੀਤਾ ਸੀ। ਪਰ ਹੁਣ ਇਨਪੁਟ ਲਾਗਤ ਵਧੀ ਹੈ, ਖ਼ਾਸਕਰ ਸਟੀਲ, ਪਲਾਸਟਿਕ ਅਤੇ ਧਾਤ ਵਰਗੇ ਕੱਚੇ ਮਾਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਕੀਮਤ ‘ਚ ਵਾਧਾ ਵੱਖ-ਵੱਖ ਮਾਡਲਾਂ ਲਈ ਵੱਖਰਾ ਹੋਵੇਗਾ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਅਗਲੇ ਮਹੀਨੇ ਤੋਂ ਵਾਹਨਾਂ ਦੀ ਕੀਮਤ ‘ਚ ਕਿੰਨਾ ਵਾਧਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਸਾਲ ਦੂਜੀ ਵਾਰ ਹੈ ਜਦੋਂ ਕੰਪਨੀ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ ‘ਚ ਮਾਰੂਤੀ ਨੇ ਲਾਗਤ ‘ਚ ਵਾਧੇ ਦਾ ਹਵਾਲਾ ਦਿੰਦੇ ਹੋਏ ਆਪਣੇ ਕੁਝ ਮਾਡਲਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ।

Video Ad
Video Ad