Home ਦੁਨੀਆ ਮਿਆਂਮਾਰ ’ਚ ਤਖ਼ਤਾਪਲਟ ਅਤੇ ਜ਼ੁਲਮੀ ਕਾਰਵਾਈ ਤੋਂ ਅਮਰੀਕਾ ਨਾਰਾਜ਼

ਮਿਆਂਮਾਰ ’ਚ ਤਖ਼ਤਾਪਲਟ ਅਤੇ ਜ਼ੁਲਮੀ ਕਾਰਵਾਈ ਤੋਂ ਅਮਰੀਕਾ ਨਾਰਾਜ਼

0
ਮਿਆਂਮਾਰ ’ਚ ਤਖ਼ਤਾਪਲਟ ਅਤੇ ਜ਼ੁਲਮੀ ਕਾਰਵਾਈ ਤੋਂ ਅਮਰੀਕਾ ਨਾਰਾਜ਼

ਵਾਸ਼ਿੰਗਟਨ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਤਖ਼ਤਾਪਲਟ ਅਤੇ ਪ੍ਰਦਰਸ਼ਨਕਾਰੀਆਂ ’ਤੇ ਹਿੰਸਕ ਕਾਰਵਾਈ ਦੇ ਮੱਦੇਨਜ਼ਰ ਮਿਆਂਮਾਰ ਦੇ ਕੰਟਰੋਲ ਵਾਲੀਆਂ ਦੋ ਕੰਪਨੀਆਂ ’ਤੇ ਅਮਰੀਕਾ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਸੂਤਰਾਂ ਮੁਤਾਬਕ ਅਮਰੀਕੀ ਟ੍ਰੇਜਰੀ, ਮਿਆਂਮਾਰ ਇਕਨਾਮਿਕ ਕਾਰਪੋਰੇਸ਼ਨ ਅਤੇ ਮਿਆਂਮਾਰ ਇਕਨਾਮਿਕ ਹੋਲਡਿੰਗਸ ਲਿਮਟਡ ਨੂੰ ਬਲੈਕਲਿਸਟ ਕਰਨ ਅਤੇ ਅਮਰੀਕਾ ਵਿੱਚ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਕਦਮ ਚੁੱਕ ਸਕਦਾ ਹੈ।
ਅਮਰੀਕਾ ਮਿਆਂਮਾਰ ਦੀ ਫ਼ੌਜ ਨੂੰ ਆਰਥਿਕ ਸੱਟ ਮਾਰਨ ਦੀ ਤਿਆਰੀ ਵਿੱਚ ਹੈ। ਇਸ ਤੋਂ ਪਹਿਲਾਂ ਅਮਰੀਕਾ ਅਤੇ ਬਰਤਾਨੀਆ, ਨਾਲ ਹੀ ਯੂਰਪੀ ਸੰਘ ਤੇ ਕੈਨੇਡਾ ਮਿਆਂਮਾਰ ਦੇ ਫ਼ੌਜੀ ਜਨਰਲਾਂ ’ਤੇ ਪਾਬੰਦੀ ਲਗਾ ਚੁੱਕੇ ਹਨ, ਪਰ ਹੁਣ ਤੱਕ ਫ਼ੌਜ ਦੇ ਵਪਾਰਕ ਹਿਤ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਮਿਆਂਮਾਰ ਦੀ ਅਰਥਵਿਵਸਥਾ ’ਤੇ ਫ਼ੌਜ ਦਾ ਕਾਫ਼ੀ ਕੰਟਰੋਲ ਹੈ। ਇਸ ਵਿੱਚ ਸ਼ਰਾਬ ਅਤੇ ਸਿਗਰੇਟ ਤੋਂ ਲੈ ਕੇ ਦੂਰਸੰਚਾਰ, ਖਨਨ ਅਤੇ ਰਿਅਲ ਅਸਟੇਟ ਸ਼ਾਮਲ ਹਨ।
ਦੱਸ ਦੇਈਏ ਕਿ ਮਿਆਂਮਾਰ ਵਿੱਚ ਬੀਤੀ 1 ਫਰਵਰੀ ਨੂੰ ਫੌਜ ਨੇ ਤਖ਼ਤਾਪਲਟ ਕਰ ਦਿੱਤਾ ਸੀ। ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐਨਐਲਡੀ) ਦੀ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਫ਼ੌਜ ਸੱਤਾ ’ਤੇ ਕਾਬਜ ਹੋ ਗਈ। ਇਸ ਦੌਰਾਨ ਦੇਸ਼ ਦੀ ਸਰਵਉੱਚ ਨੇਤਾ ਆਂਗ ਸਾਨ ਸੂ ਕੀ ਸਣੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਫ਼ੌਜ ਦੇ ਇਸ ਕਦਮ ਵਿਰੁੱਧ ਪੂਰੇ ਦੇਸ਼ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ।
ਤਖ਼ਤਾਪਲਟ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਨ ਲਈ ਫ਼ੌਜ ਨੇ ਬੁੱਧਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਸਾਰਿਆਂ ਨੂੰ ਪਿਛਲੇ ਮਹੀਨੇ ਹੋਏ ਤਖ਼ਤਾਪਲਟ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।