ਲਖਨਊ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਯੂਪੀ ਦੇ ਮਾਫ਼ੀਆ ਅਤੇ ਵਿਧਾਇਕ ਮੁਖਤਾਰ ਅੰਸਾਰੀ ’ਤੇ ਪੋਟਾ ਲਗਾਉਣ ਵਾਲੇ ਸਾਬਕਾ ਡਿਪਟੀ ਐਸਪੀ ਸ਼ੈਲੇਂਦਰ ਸਿੰਘ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਵਿਰੁੱਧ ਦਾਇਰ ਸਾਰੇ ਮੁਕੱਦਮੇ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਇਹ ਗੱਲ ਖੁਦ ਸ਼ੈਲੇਂਦਰ ਸਿੰਘ ਨੇ ਆਪਣੇ ਫੇਸਬੁਕ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਪੋਸਟ ਪਾ ਕੇ ਅਤੇ ਅਦਾਲਤ ਦੇ ਹੁਕਮ ਦੀ ਕਾਪੀ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਵਿਰੁੱਧ ਸਾਰੇ ਮੁਕੱਦਮੇ ਵਾਪਸ ਲੈ ਲਏ ਗਏ ਹਨ।
ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ 2004 ਵਿੱਚ ਜਦੋਂ ਉਨ੍ਹਾਂ ਨੇ ਮਾਫ਼ੀਆ ਮੁਖਤਾਰ ਅੰਸਾਰੀ ’ਤੇ ਐਲਐਮਜੀ ਕੇਸ ਵਿੱਚ ਪ੍ਰਿਵੈਂਸ਼ਨ ਆਫ਼ ਟੈਰਰਿਜ਼ਮ ਐਕਟ (ਪੀਓਟੀਏ ‘ਪੋਟਾ’) ਲਗਾ ਦਿੱਤਾ ਤਾਂ ਮੁਖਤਾਰ ਅੰਸਾਰੀ ਨੂੰ ਬਚਾਉਣ ਲਈ ਤਤਕਾਲੀਨ ਸਰਕਾਰ ਨੇ ਸ਼ੈਲੇਂਦਰ ਸਿੰਘ ’ਤੇ ਕੇਸ ਖਤਮ ਕਰਨ ਦਾ ਦਬਾਅ ਬਣਾਇਆ, ਜਿਸ ਨੂੰ ਨਾ ਮੰਨਣ ਦੇ ਫਲਸਰੂਪ ਉਨ੍ਹਾਂ ਨੂੰ ਡਿਪਟੀ ਐਸਪੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਹੀ ਤਤਕਾਲੀਨ ਸਰਕਾਰ ਦੇ ਇਸ਼ਾਰੇ ’ਤੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ’ਤੇ ਵਾਰਾਣਸੀ ’ਚ ਅਪਰਾਧਕ ਮੁਕੱਦਮਾ ਦਾਇਰ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਜਦੋਂ ਯੂਪੀ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣੀ ਤਾਂ ਉਕਤ ਮੁਕੱਦਮੇ ਨੂੰ ਪਹਿਲ ਦੇ ਆਧਾਰ ’ਤੇ ਵਾਪਸ ਲੈਣ ਦਾ ਹੁਕਮ ਪਾਸ ਕੀਤਾ ਗਿਆ, ਜਿਸ ਨੂੰ ਚੀਫ਼ ਜੁਡੀਸ਼ੀਐਲ ਮੈਜਿਸਟਰੇਟ (ਸੀਜੇਐਮ) ਅਦਾਲਤ ਵੱਲੋਂ 6 ਮਾਰਚ 2021 ਨੂੰ ਮਾਨਤਾ ਪ੍ਰਦਾਨ ਕੀਤੀ ਗਈ। ਅਦਾਲਤ ਦੇ ਹੁਕਮ ਦੀ ਨਕਲ ਅੱਜ ਹੀ ਪ੍ਰਾਪਤ ਹੋਈ।
ਦੱਸ ਦੇਈਏ ਕਿ ਸਾਲ 2004 ਵਿੱਚ ਐਸਟੀਐਫ਼ ਦੇ ਤਤਕਾਲੀਨ ਡਿਪਟੀ ਐਸਪੀ ਸ਼ੈਲੇਂਦਰ ਕੁਮਾਰ ਸਿੰਘ ਨੂੰ ਮੁਖਬਰਾਂ ਤੋਂ ਸੂਚਨਾ ਮਿਲੀ ਸੀ ਕਿ ਫ਼ੌਜ ਦਾ ਇੱਕ ਭਗੌੜਾ ਐਲਐਮਜੀ ਲੈ ਕੇ ਭੱਜਿਆ ਹੈ ਅਤੇ ਉਸ ਨੂੰ ਮੁਖਤਾਰ ਅੰਸਾਰੀ ਨੂੰ ਵੇਚਣ ਦੀ ਤਿਆਰੀ ਹੈ। ਇਸ ਤੋਂ ਬਾਅਦ ਸ਼ੈਲੇਂਦਰ ਨੇ ਭਗੌੜੇ ਨੂੰ ਫੜ ਕੇ ਐਲਐਮਜੀ (ਲਾਈਟ ਮਸ਼ੀਨ ਗਨ) ਬਰਾਮਦ ਕੀਤੀ ਸੀ।
ਡਿਪਟੀ ਐਸਪੀ ਦਾ ਵਾਅਦਾ ਸੀ ਕਿ ਐਲਐਮਜੀ ਮੁਖਤਾਰ ਅੰਸਾਰੀ ਦੇ ਕੋਲੋਂ ਬਰਾਮਦ ਹੋਈ ਸੀ। ਇਸੇ ਦੋਸ਼ ਦੇ ਚਲਦਿਆਂ ਮੁਖਤਾਰ ਅੰਸਾਰੀ ਵਿਰੁੱਧ ਪੋਟਾ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸ਼ੈਲੇਂਦਰ ਦੀ ਰਾਹ ਮੁਸ਼ਕਲ ਹੁੰਦੀ ਚਲੀ ਗਈ ਸੀ ਅਤੇ ਉਨ੍ਹਾਂ ਨੇ ਅਸਤੀਫ਼ਾ ਦਿੰਦੇ ਹੋਏ ਆਪਣਾ ਅਹੁਦਾ ਛੱਡ ਦਿੱਤਾ ਸੀ।

