ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦੀ ਤਿਆਰੀ, ਰੋਪੜ ਪੁੱਜੀ ਯੂਪੀ ਪੁਲਿਸ

ਰੋਪੜ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰੋਪੜ ਜੇਲ੍ਹ ’ਚ ਬੰਦ ਯੂਪੀ ਦੇ ਬਾਹੂਬਲੀ ਨੇਤਾ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦੀ ਤਿਆਰੀ ਚੱਲ ਰਹੀ ਹੈ। ਇਸੇ ਦੇ ਚਲਦਿਆਂ ਯੂਪੀ ਪੁਲਿਸ ਦੀਆਂ ਟੀਮਾਂ ਰੋਪੜ ਜੇਲ੍ਹ ਪੁੱਜ ਚੁੱਕੀਆਂ ਹਨ। ਜਲਦ ਹੀ ਹੁਣ ਰਸਮੀ ਕਾਰਵਾਈ ਪੂਰੀ ਕਰ ਕੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਟੀਮ ਦੇ ਹਵਾਲੇ ਕੀਤਾ ਜਾਵੇਗਾ। ਜਿਸ ਐਂਬੂਲੈਂਸ ਵਿਚ ਮੁਖ਼ਤਾਰ ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ੍ਹ ਲਿਜਾਇਆ ਜਾਵੇਗਾ, ਉਹ ਰੋਪੜ ਦੀ ਪੁਲਿਸ ਲਾਈਨ ’ਚ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਦੀ ਬਾਂਦਾ ਪੁਲਿਸ ਦੀਆਂ ਗੱਡੀਆਂ ਅਲੱਗ-ਅਲੱਗ ਰੂਪਨਗਰ ਪੁੱਜੀਆਂ। ਪਹਿਲੀ ਗੱਡੀ ਕਰੀਬ ਤੜਕੇ ਚਾਰ ਵੱਜ ਕੇ 10 ਮਿੰਟ ’ਤੇ ਪਹੁੰਚੀ। ਉਸ ਤੋਂ ਬਾਅਦ ਸਵੇਰ ਤਕ ਗੱਡੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਰਿਹਾ। ਮੁਖ਼ਤਾਰ ਅੰਸਾਰੀ ਨੂੰ ਜਿਸ ਐਂਬੂਲੈਂਸ ’ਚ ਲਿਜਾਇਆ ਜਾਵੇਗਾ, ਉਹ ਵੀ ਪਹੁੰਚ ਗਈ ਹੈ। ਐਂਬੂਲੈਂਸ ਵਿਚ ਉੱਤਰ ਪ੍ਰਦੇਸ਼ ਦੇ ਡਾਕਟਰ ਵੀ ਤਾਇਨਾਤ ਹੋਣਗੇ।
ਓਧਰ, ਰੂਪਨਗਰ-ਨੰਗਲ ਹਾਈਵੇ ’ਤੇ ਐਤਵਾਰ ਰਾਤ ਨਾਨਕ ਢਾਬੇ ਦੇ ਬਾਹਰ ਲਵਾਰਸ ਮਿਲੀ ਉੱਤਰ ਪ੍ਰਦੇਸ਼ ਨੰਬਰ ਦੀ ਐਂਬੂਲੈਂਸ ਦੀ ਸੋਮਵਾਰ ਨੂੰ ਪੰਜਾਬ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਸਾਂਝੇ ਤੌਰ ’ਤੇ ਜਾਂਚ ਕੀਤੀ। ਰੂਪਨਗਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਐਂਬੂਲੈਂਸ ਜ਼ਿਲ੍ਹਾ ਪੁਲਿਸ ਦੀ ਕਸਟਡੀ ’ਚ ਹੈ ਤੇ ਜਾਂਚ ਜਾਰੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਐਂਬੂਲੈਂਸ ਬੁਲੇਟਪਰੂਫ ਨਹੀਂ ਹੈ ਤੇ ਇਸ ਨੂੰ ਮੌਡੀਫਾਈ ਨਹੀਂ ਕਰਵਾਇਆ ਗਿਆ ਹੈ।

Video Ad
Video Ad