ਮੁੜ ਵਿਵਾਦਾਂ ‘ਚ ਘਿਰੀ ਐਸਟ੍ਰਾਜ਼ੈਨੇਕਾ ; ਬ੍ਰਿਟੇਨ ‘ਚ ਵੈਕਸੀਨ ਲੱਗਣ ਮਗਰੋਂ ਖੂਨ ਜੰਮਣ ਦੇ 25 ਨਵੇਂ ਮਾਮਲੇ ਸਾਹਮਣੇ ਆਏ

ਲੰਦਨ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬ੍ਰਿਟੇਨ ‘ਚ ਦੁਰਲਭ ਬਲੱਡ ਕਲੋਟ (ਖੂਨ ਜੰਮਣ) ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਸੰਭਾਵਿਤ ਤੌਰ ‘ਤੇ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਜੁੜੇ ਹੋਏ ਹਨ। ਬਲੱਡ ਕਲੋਟਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਵੈਕਸੀਨ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੈਕਸੀਨ ਲੱਗਣ ਤੋਂ ਬਾਅਦ ਸਾਹਮਣੇ ਆਏ ਬਲੱਡ ਕਲੋਟਿੰਗ ਦੇ ਮਾਮਲਿਆਂ ਦੇ ਮੱਦੇਨਜ਼ਰ ਕਈ ਯੂਰਪੀਅਨ ਦੇਸ਼ਾਂ ਨੇ ਸਾਵਧਾਨੀਪੂਰਨ ਕਦਮ ਚੁੱਕਦਿਆਂ ਵੈਸਕੀਨ ਲਗਾਉਣ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਯੂਰਪੀਅਨ ਮੈਡੀਕਲ ਏਜੰਸੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਟੀਕੇ ਦੀ ਵਰਤੋਂ ਨੂੰ ਹਰੀ ਝੰਡੀ ਵਿਖਾਈ ਸੀ।
ਮੈਡੀਕਲ ਐਂਡ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ (ਐਮਐਚਆਰਏ) ਨੇ ਵੀਰਵਾਰ ਨੂੰ ਇੱਕ ਬਿਆਨ ‘ਚ ਕਿਹਾ, “ਬ੍ਰਿਟੇਨ ‘ਚ ਬਲੱਡ ਕਲੋਟਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਜਿਹੇ ਕੇਸਾਂ ਦੀ ਕੁਲ ਗਿਣਤੀ 30 ਹੋ ਗਈ ਹੈ।” ਰੈਗੂਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਵੈਕਸੀਨ ਦਾ ਲਾਭ ਇਸ ਦੀ ਕਾਰਜਕੁਸ਼ਲਤਾ ‘ਤੇ ਸਵਾਲ ਖੜ੍ਹਾ ਕਰ ਰਿਹਾ ਹੈ।
ਆਕਸਫ਼ੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਈ ਗਈ ਐਸਟ੍ਰਾਜ਼ੈਨੇਕਾ ਵੈਕਸੀਨ ‘ਤੇ ਹੁਣ ਜਾਂਚ ਦਾ ਦਬਾਅ ਬਣ ਰਿਹਾ ਹੈ। ਯੂਰਪ ‘ਚ ਇਸ ਵੈਕਸੀਨ ਬਾਰੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਹਾਲਾਂਕਿ ਬਲੱਡ ਕਲੋਟਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਯੂਰਪ ਦੇ ਬਹੁਤ ਸਾਰੇ ਦੇਸ਼ਾਂ ‘ਚ ਟੀਕੇ ਦੀ ਵਰਤੋਂ ਜਾਰੀ ਹੈ। ਹੁਣ ਤਕ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੱਖਾਂ ਲੋਕਾਂ ਨੂੰ ਇਸ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।

Video Ad

ਹਰੇਕ 6 ਲੱਖ ਲੋਕਾਂ ‘ਚ ਇੱਕ ਸ਼ਖ਼ਸ ‘ਚ ਨਜ਼ਰ ਆਇਆ ਬਲੱਡ ਕਲੋਟਿੰਗ ਦਾ ਮਾਮਲਾ
ਬ੍ਰਿਟੇਨ ਦੀ ਏਜੰਸੀ ਨੇ ਕਿਹਾ ਕਿ 24 ਮਾਰਚ ਤਕ 1.81 ਕਰੋੜ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਸਿਰਫ਼ 30 ਲੋਕਾਂ ‘ਚ ਹੀ ਬਲੱਡ ਕਲੋਟਿੰਗ ਦੇ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਏਜੰਸੀ ਨੇ 18 ਮਾਰਚ ਨੂੰ ਰਿਪੋਰਟ ਦਿੱਤੀ ਸੀ ਕਿ 1.10 ਕਰੋੜ ਲੋਕਾਂ ਨੂੰ ਟੀਕੇ ਦੀ ਖੁਰਾਕ ਦੇਣ ਤੋਂ ਬਾਅਦ ਸਿਰਫ਼ 5 ਲੋਕਾਂ ‘ਚ ਹੀ ਬਲੱਡ ਕਲੋਟਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨਵੀਂ ਰਿਪੋਰਟ ਅਨੁਸਾਰ ਬ੍ਰਿਟੇਨ ‘ਚ ਐਸਟ੍ਰਾਜ਼ੈਨੇਕਾ ਟੀਕਾ ਲਗਾਏ ਜਾਣ ਤੋਂ ਬਾਅਦ ਬਲੱਡ ਕਲੋਟਿੰਗ ਦੇ ਮਾਮਲਿਆਂ ਦੀ ਦਰ 6 ਲੱਖ ਲੋਕਾਂ ‘ਚ ਸਿਰਫ਼ ਇੱਕ ਕੇਸ ਹੈ। ਉੱਥੇ ਹੀ ਫਾਈਜ਼ਰ ਅਤੇ ਬਾਇਓਨਟੈਕ ਦੀ ਵੈਕਸੀਨ ਤੋਂ ਬਾਅਦ ਅਜਿਹੇ ਕੋਈ ਮਾਮਲੇ ਸਾਹਮਣੇ ਨਹੀਂ ਆਏ ਹਨ। ਬ੍ਰਿਟੇਨ ‘ਚ ਇਨ੍ਹਾਂ ਦੋਵਾਂ ਵੈਕਸੀਨਾਂ ਰਾਹੀਂ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ।

ਹਰੇਕ ਟੀਕੇ ਦੇ ਕੁਝ ਮਾੜੇ ਪ੍ਰਭਾਵ ਹੁੰਦੇ ਹਨ : ਐਮਐਚਆਰਏ
ਐਮਐਚਆਰਏ ਨੇ ਦੱਸਿਆ ਕਿ ਸਮੀਖਿਆ ਦੇ ਅਧਾਰ ‘ਤੇ ਕੋਵਿਡ-19 ਵਿਰੁੱਧ ਵੈਕਸੀਨ ਦਾ ਲਾਭ ਜ਼ੋਖ਼ਮ ਤੋਂ ਵੱਧ ਹੈ। ਇਸ ਲਈ ਜਦੋਂ ਵੀ ਤੁਹਾਨੂੰ ਟੀਕਾ ਲਗਵਾਉਣ ਲਈ ਬੁਲਾਇਆ ਜਾਂਦਾ ਹੈ ਤਾਂ ਤੁਹਾਨੂੰ ਇਸ ਨੂੰ ਲਗਵਾਉਣਾ ਚਾਹੀਦਾ ਹੈ। ਏਜੰਸੀ ਨੇ ਕਿਹਾ ਕਿ ਐਸਟ੍ਰਾਜ਼ੈਨੇਕਾ ਅਤੇ ਫਾਈਜ਼ਰ ਟੀਕੇ ਨੇ ਕੋਵਿਡ-19 ਵਿਰੁੱਧ ਉੱਚ ਪੱਧਰੀ ਸੁਰੱਖਿਆ ਦਰਸਾਈ ਹੈ। ਇਹ ਵੀ ਕਿਹਾ ਕਿ ਹਰੇਕ ਟੀਕਾ ਦੇ ਕੁਝ ਮਾੜੇ ਪ੍ਰਭਾਵ ਹੁੰਦੇ ਹਨ। ਦੱਸ ਦੇਈਏ ਕਿ ਬ੍ਰਿਟੇਨ ‘ਚ ਟੀਕਾਕਰਨ ਮੁਹਿੰਮ ਕਾਫ਼ੀ ਤੇਜ਼ੀ ਨਾਲ ਚੱਲ ਰਹੀ ਹੈ। ਮਾਰਚ ਦੇ ਅੰਤ ਤਕ ਦੇਸ਼ ‘ਚ ਅੱਧੇ ਬਾਲਗਾਂ ਨੂੰ ਟੀਕਾ ਲਗਾ ਚੁੱਕਾ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ‘ਚ ਵੀ ਕਮੀ ਆਈ ਹੈ।

Video Ad