ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦਾ ਤਬਾਦਲਾ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਡੀਜੀ ਹੋਮਗਾਰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੇਮੰਤ ਨਾਗਰਾਲੇ ਨੂੰ ਉਨ੍ਹਾਂ ਦੀ ਥਾਂ ਮੁੰਬਈ ਪੁਲਿਸ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਪਰਮਬੀਰ ਸਿੰਘ ਦੇ ਤਬਾਦਲੇ ਬਾਰੇ ਜਾਣਕਾਰੀ ਦਿੱਤੀ ਹੈ।
ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਬਾਹਰ ਖੜ੍ਹੀ ਮਿਲੀ ਸ਼ੱਕੀ ਕਾਰ ਦੇ ਮਾਮਲੇ ‘ਚ ਐਨਆਈਏ ਵੱਲੋਂ ਅਸਿਸਟੈਂਟ ਪੁਲਿਸ ਕਮਿਸ਼ਨਰ ਸਚਿਨ ਵਾਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸਚਿਨ ਵਾਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਅਜਿਹੀ ਸਥਿਤੀ ‘ਚ ਪਰਮਬੀਰ ਸਿੰਘ ਦੀ ਮੁਅੱਤਲੀ ਵੀ ਇਸ ਕੇਸ ਨਾਲ ਸਬੰਧਤ ਵੇਖੀ ਜਾ ਰਹੀ ਹੈ।
ਦੱਸ ਦੇਈਏ ਕਿ ਬੀਤੇ 16 ਸਾਲ ਬਾਅਦ ਮੁਅੱਤਲੀ ਨੂੰ ਖ਼ਤਮ ਕਰਕੇ ਸਚਿਨ ਵਾਜੇ ਦੀ ਪੁਲਿਸ ਵਿਭਾਗ ‘ਚ ਐਂਟਰੀ ਹੋਈ ਸੀ। ਸਚਿਨ ਵਾਜੇ ਨੂੰ ਪੁਲਿਸ ਸੇਵਾ ‘ਚ ਵਾਪਸ ਲਿਆਉਣ ‘ਚ ਪਰਮਬੀਰ ਸਿੰਘ ਦਾ ਮਹੱਤਵਪੂਰਣ ਯੋਗਦਾਨ ਹੈ। ਦਰਅਸਲ, ਪਰਮਬੀਰ ਸਿੰਘ ਉਸ ਸਮੀਖਿਆ ਕਮੇਟੀ ਦਾ ਹਿੱਸਾ ਸਨ, ਜਿਸ ਦੀ ਸਿਫ਼ਾਰਸ਼ ‘ਤੇ ਸਚਿਨ ਵਾਜੇ ਨੂੰ ਦੁਬਾਰਾ ਸੇਵਾ ‘ਚ ਲਿਆ ਗਿਆ ਸੀ।
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮਰਾਠੀ ‘ਚ ਟਵੀਟ ਕਰਦਿਆਂ ਲਿਖਿਆ, “ਸਰਕਾਰ ਵੱਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ। ਹੇਮੰਤ ਨਾਗਰਾਲੇ ਮੁੰਬਈ ਪੁਲਿਸ ਦੇ ਕਮਿਸ਼ਨਰ ਹੋਣਗੇ। ਇਸ ਤੋਂ ਇਲਾਵਾ ਰਜਨੀਸ਼ ਸੇਠ ਮਹਾਰਾਸ਼ਟਰ ਦੇ ਡੀਜੀਪੀ ਦਾ ਅਹੁਦਾ ਸੰਭਾਲਣਗੇ। ਮਹਾਰਾਸ਼ਟਰ ਸਟੇਟ ਸਿਕਿਊਰਿਟੀ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਸੰਜੇ ਪਾਂਡੇ ਕੋਲ ਹੋਵੇਗੀ। ਪਰਮਬੀਰ ਸਿੰਘ ਹੋਮ ਗਾਰਡਜ਼ ਵਿਭਾਗ ‘ਚ ਬਤੌਰ ਡੀਜੀ ਕੰਮ ਕਰਨਗੇ।”
ਇਸ ਗੱਲ ਦੀ ਸੰਭਾਵਨਾ ਪਹਿਲਾਂ ਤੋਂ ਪ੍ਰਗਟਾਈ ਜਾ ਰਹੀ ਸੀ ਕਿ ਪਰਮਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਫਿਲਹਾਲ ਐਨਆਈਏ ਨੇ ਐਂਟੀਲੀਆ ਕਾਰ ਮਾਮਲੇ ‘ਚ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

Video Ad
Video Ad