ਮੁੱਖ ਮੰਤਰੀ ਮਾਨ ਨੇ ਬੰਦੂਕਾਂ ਦੇ ਮੂੰਹ ਮੋੜੇ

ਚੰਡੀਗੜ੍ਹ, 23 ਨਵੰਬਰ, ਹ.ਬ. : ਪੰਜਾਬ ਨੂੰ ਕੁਦਰਤ ਨੇ ਪਰਬਤਾਂ ਵਿਚੋਂ ਨਿਕਲਦੇ ਦਰਿਆਵਾਂ ਰਾਹੀਂ ਆਉਂਦੀ ਸਭ ਤੋਂ ਜਰਖੇਜ਼ ਅਲੂਵਲੀ ਮਿੱਟੀ ਨਾਲ ਨਿਵਾਜ਼ਿਆ ਹੈ। ਇਸੇ ਲਈ ਇਹ ਖਿੱਤਾ ਪੈਦਾਵਾਰ ਪੱਖੋਂ ਮੁਲਕ ਭਰ ਵਿਚੋਂ ਮੋਹਰੀ ਹੈ। ਗਰਮੀਆਂ ਵਿਚ ਮੌਨਸੁਨੀ ਅਤੇ ਸਰਦੀਆਂ ਵਿਚ ਚੱਕਰਵਰਤੀ ਹਵਾਵਾਂ ਰਾਹੀਂ ਆਉਂਦੀ ਬਰਸਾਤ ਨੇ ਮਿੱਠੇ ਪਾਣੀ ਨਾਲ ਵਰੋਸਾਇਆ ਹੈ। ਪੰਜਾਬੀਆਂ ਵਿਚ ਖੁਲ੍ਹਦਿਲੀ, ਗੈਰਤ, ਬਹਾਦਰੀ ਅਤੇ ਦਾਨਵੀਰ ਦੇ ਗੁਣ ਕੁਦਰਤ ਦੀ ਵਰਸੋਈ ਇਸੇ ਇਲਾਹੀ ਵਾਣੀ ਦੀ ਦੇਣ ਹੈ। ਪਰ ਪੰਜਾਬ ਪਹਿਲਾਂ ਵਾਂਗ ਵਗਦੇ ਸ਼ਾਂਤ ਦਰਿਆ ਦੀ ਤਰ੍ਹਾਂ ਨਹੀਂ ਰਿਹਾ ਇਸ ਨੇ ਬੜੇ ਉਤਰਾਅ ਚੜ੍ਹਾ ਦੇਖੇ ਹਨ। ਕਦੇ 1978 ਤੋਂ ਲੈ ਕੇ 1993 ਕਾਲੇ ਦੌਰ ਦੀ ਪੀੜ ਸਹੀ ਅਤੇ ਕਦੇ 1984 ਦਾ ਅਸਹਿ ਅਤੇ ਅਕਹਿ ਦਰਦ ਝੱਲਿਆ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਅਤੇ ਦੇਸ਼ ਦੇ ਅਜਿਹੇ ਹਾਲਾਤਾਂ ਦਾ ਵਾਸਤਾ ਪਾਉਂਦਿਆਂ ਸਿੱਖਾਂ ਨੂੰ ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਤੋਂ ਪਰੇ ਜਾ ਕੇ ਆਧੁਨਿਕ ਹਥਿਆਰਾਂ ਦੀ ਸਿਖਲਾਈ ਲੈਣ ਲਈ ਕਿਹਾ ਹੈ। ਜਥੇਦਾਰ ਦੇ ਇਸ ਬਿਆਨ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤੀ ਜਨਤਾ ਪਾਰਟੀ ਨੇ ਗੰਭੀਰ ਨੋਟਿਸ ਲਿਆ ਸੀ।
ਭਗਵੰਤ ਸਿੰਘ ਮਾਨ ਨੇ ਹੁਣ ਇਸ ਤੋਂ ਵੀ ਅੱਗੇ ਜਾਂਦਿਆਂ ਹਥਿਆਰ ਕਲਚਰ ਨੂੰ ਖਤਮ ਕਰਨ ਦਾ ਨਿਸ਼ਾਨਾ ਮਿੱਥ ਲਿਆ ਹੈ। ਉਨ੍ਹਾਂ ਨੇ ਜਿੱਥੇ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਰੋਕ ਲਗਾ ਦਿੱਤੀ ਹੈ। ਉਥੇ 3 ਮਹੀਨਿਆਂ ਲਈ ਹਥਿਆਰਾਂ ਦੇ ਲਾਇਸੰਸ ਬਣਾਉਣ ’ਤੇ ਰੋਕ ਲਗਾ ਦਿੱਤੀ ਹੈ। ਮੁੱਖ ਮੰਤਰੀ ਦੇ ਫੈਸਲੇ ਅਨੁਸਾਰ ਪੰਜਾਬ ਪੁਲਿਸ ਤਿੰਨ ਮਹੀਨੇ ਪਹਿਲਾਂ ਬਣਾਏ ਗਏ ਅਸਲਾ ਲਾਇਸੰਸਾਂ ਦੀ ਜਾਂਚ ਵਿਚ ਵੀ ਜੁਟ ਗਈ ਹੈ।
ਇੱਕ ਜਾਣਕਾਰੀ ਅਨੁਸਾਰ ਪੰਜਾਬ ਵਿਚ 5 ਲੱਖ ਹਥਿਆਰ ਹਨ। ਅਬਾਦੀ ਦੇ ਪੱਖੋਂ ਗੱਲ ਕਰੀਏ ਤਾਂ ਮੁਲਕ ਭਰ ਵਿਚੋਂ ਪੰਜਾਬੀ ਹਥਿਆਰ ਰੱਖਣ ਲਈ ਦੂਜੇ ਨੰਬਰ ਦੇ ਸ਼ੌਕੀਨ ਹਨ। ਕਿਸੇ ਵੇਲੇ ਸਭ ਤੋਂ ਵੱਧ ਹਥਿਆਰ ਮਝੈਲਾਂ ਕੋਲ ਹੁੰਦੇ ਸਨ। ਉਹ ਵੀ ਗੁਰਦਾਸਪੁਰੀਏ ਮਝੈਲ ਸਭ ਤੋਂ ਮੂਹਰੇ। ਹੁਣ ਮਲਵਈ ਹਥਿਆਰ ਰੱਖਣ ਵਿਚ ਅੱਗੇ ਹਨ। ਪੰਜਾਬ ਵਿਚ 55 ਲੱਖ ਘਰ ਹਨ ਜਦ ਕਿ ਹਰ 14ਵੇਂ ਘਰ ਵਿਚ ਹਥਿਆਰ ਹਨ। ਸੂਬੇ ਵਿਚ 30 ਹਜ਼ਾਰ ਲਾਇਸੈਂਸ ਔਰਤਾਂ ਦੇ ਨਾਂ ਬੋਲਦੇ ਹਨ। ਸੋਸ਼ਲ ਮੀਡੀਆ ’ਤੇ ਹਥਿਆਰ ਨਾਲ ਫੋਟੋਆਂ ਪਾਉਣ ਅਤੇ ਗਾਇਕੀ ਰਾਹੀਂ ਇਸ ਨੁੂੰ ਪ੍ਰਮੋਟ ਕਰਨ ਦਾ ਵਿਰੋਧ ਕਈ ਚਿਰ ਪਹਿਲਾਂ ਸ਼ੁਰੂ ਹੋ ਗਿਆ ਸੀ। ਭਗਵੰਤ ਮਾਨ ਨੇ ਇੱਕ ਤਰ੍ਹਾਂ ਨਾਲ ਬੰਦੂਕਾਂ ਦੇ ਮੂੰਹ ਹੇਠਾਂ ਕਰ ਦਿੱਤੇ ਹਨ। ਪੰਜਾਬ ਪੁਲਿਸ ਵਲੋਂ ਪਿਛਲੇ 9 ਦਿਨਾਂ ਦੌਰਾਨ ਟੌਹਰ ਲਈ ਹਵਾ ਵਿਚ ਹਥਿਆਰ ਲਹਿਰਾਉਣ ਵਾਲੇ ਕਈ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।
ਪੰਜਾਬ ਪੁਲਿਸ ਵਲੋਂ ਹੁਣ ਤੱਕ 325 ਲਾਇਸੈਂਸ ਸਸਪੈਂਡ ਅਤੇ 897 ਦੇ ਰੱਦ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੀ ਜਵਾਬਤਲਬੀ ਵੀ ਕੀਤੀ ਗਈ ਹੈ। ਪੁਲਿਸ ਅਨੁਸਾਰ ਜਿਨ੍ਹਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ ਉਨ੍ਹਾਂ ਵਿਚੋਂ ਕਈਆਂ ਨੇ ਅਪਣੇ ਪਤੇ ਗਲਤ ਲਿਖਾਏ ਹੋਏ ਸਨ। ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਕੋਲ ਇੱਕ ਲਾਇਸੰਸ ’ਤੇ ਕਈ ਕਈ ਹਥਿਆਰ ਰੱਖੇ ਹੋਏ ਹਨ। ਸਰਕਾਰ ਦੇ ਨਿਯਮਾਂ ਅਨੁਸਾਰ ਇੱਕ ਲਾਇਸੰਸ ’ਤੇ ਦੋ ਹਥਿਆਰ ਰੱਖਣ ਦੀ ਖੁਲ੍ਹ ਹੈ ਜਦ ਕਿ 3 ਤੋਂ 4 ਹਥਿਆਰ ਮਿਲੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਜਲੰਧਰ ਜ਼ਿਲ੍ਹੇ ਦੇ 391,ਪਟਿਆਲਾ ਦੇ 271 ਵਿਅਕਤੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਵਿਚ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਉਨ੍ਹਾਂ ਦੀ ਗਿਣਤੀ 391
ਰੋਪੜ ਜ਼ਿਲ੍ਹੇ ਦੇ 146, ਤਰਨਤਾਰਨ ਦੇ 19, ਕਪੂਰਥਲਾ ਦੇ 17, ਫਿਰੋਜ਼ਪੁਰ ਦੇ 25 ਅਤੇ ਪਠਾਨਕੋਟ ਦੇ ਇੱਕ ਵਿਅਕਤੀ ਦਾ ਲਾਇਸੰਸ ਰੱਦ ਕੀਤਾ ਗਿਆ ਹੈ। ਜਾਂਚ ਦੀ ਜ਼ਿੰਮੇਵਾਰੀ ਰੇਂਜ ਦੇ ਆਈਜੀ ਅਤੇ ਜ਼ਿਲ੍ਹੇ ਦੇ ਐਸਐਸਪੀ ਮਿਲ ਕੇ ਨਿਭਾ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਾਰਿਸ ਪੰਜਾਬ ਦੇ ਅਮਰਿੰਦਰ ਸਿੰਘ ’ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ਲਗਾਏ ਹਨ ਪਰ ਉਨ੍ਹਾਂ ਨੇ ਇਹ ਕਹਿ ਕੇ ਚੁੱਪ ਕਰਾ ਦਿੱਤਾ ਹੈ ਕਿ ਸਿੱਖ ਸਿਧਾਂਤਾਂ ਅਨੁਸਾਰ ਸਵੈ ਰੱਖਿਆ ਲਈ ਹਥਿਆਰ ਰੱਖਣ ਦੀ ਮਨਾਹੀ ਨਹੀਂ ਹੈ।
ਸਰਕਾਰ ਨੇ ਦ੍ਰਿੜ੍ਹਤਾ ਨਾਲ ਫੈਸਲਾ ਲਾਗੂ ਕੀਤਾ ਤਾਂ ਇਸ ਦੇ ਚੰਗੇ ਨਤੀਜੇ ਸਾਮਹਣੇ ਆ ਸਕਦੇ ਹਨ। ਲੋਕਾਂ ਅਤੇ ਅਪਰਾਧੀਆਂ ਨੂੰ ਕੰਨ ਹੋ ਜਾਣਗੇ ਕਿ ਹੁਣ ਸੂਬੇ ਵਿਚ ਸਰਕਾਰ ਲੀਡਰਾਂ ਦੀ ਨਹੀਂ ਆਮ ਲੋਕਾਂ ਦੀ ਹੈ।

Video Ad
Video Ad