Home ਤਾਜ਼ਾ ਖਬਰਾਂ ਮੂਸੇਵਾਲਾ ਕਤਲ ਮਾਮਲਾ : ਇਨਸਾਫ਼ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਸਕਦੇ ਹਨ ਮਾਪੇ

ਮੂਸੇਵਾਲਾ ਕਤਲ ਮਾਮਲਾ : ਇਨਸਾਫ਼ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਸਕਦੇ ਹਨ ਮਾਪੇ

0


ਚੰਡੀਗੜ੍ਹ, 15 ਮਾਰਚ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਬੇਟੇ ਦੇ ਕਤਲ ਮਾਮਲੇ ’ਚ ਲੰਬੇ ਸਮੇਂ ਤੋਂ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਉਹ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਪਿਤਾ ਬਲਕੌਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਸਕਦੇ ਹਨ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਪੁੱਤਰ ਦੇ ਕਤਲ ਕੇਸ ਵਿੱਚ ਕਈ ਵਕੀਲਾਂ ਤੋਂ ਕਾਨੂੰਨੀ ਸਲਾਹ ਲੈ ਚੁੱਕੇ ਹਨ। ਉਨ੍ਹਾਂ ਕਾਨੂੰਨੀ ਰਾਹਾਂ ਦੀ ਮੰਗ ਕੀਤੀ ਕਿ ਸੂਬਾ ਸਰਕਾਰ ਵੱਲੋਂ ਕੀਤੀ ਗਈ ਅਧੂਰੀ ਕਾਰਵਾਈ ਨੂੰ ਕਿਵੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਹੈ ਕਿ ਅਕਾਲੀ ਦਲ ਮੂਸੇਵਾਲਾ ਪਰਿਵਾਰ ਦੇ ਨਾਲ ਹੈ। ਉਹ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਇਨਸਾਫ਼ ਕਰਨ ਲਈ ਮਜਬੂਰ ਕਰਨਗੇ। ਇਸ ਦੇ ਨਾਲ ਹੀ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਗੈਂਗਸਟਰਾਂ ਅੱਗੇ ਝੁਕ ਗਏ ਹਨ। ਮੂਸੇਵਾਲਾ ਨੂੰ ਬਦਨਾਮ ਕਰਨ ਲਈ ਇੱਕ ਖੌਫਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ਼ ਲਈ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ। ਸੂਬਾ ਸਰਕਾਰ ਤੋਂ ਮੁਲਜ਼ਮ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਜੇਕਰ ਮਾਨਯੋਗ ਸਰਕਾਰ ਸਿੱਧੂ ਦੇ ਪਰਿਵਾਰ ਦਾ ਸਾਥ ਦੇਣਾ ਚਾਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ।
ਦੱਸਦੇ ਚਲੀਏ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਵਿਧਾਨ ਸਭਾ ਦੇ ਬਾਹਰ ਧਰਨੇ ’ਤੇ ਬੈਠ ਗਏ ਸੀ। ਇਸ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਿਵਾਰ ਨੂੰ 20 ਤਾਰੀਕ ਤੋਂ ਬਾਅਦ ਕਿਸੇ ਵੀ ਸਮੇਂ ਮੁੱਖ ਮੰਤਰੀ ਨੂੰ ਮਿਲਣ ਦਾ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੂੰ ਮਿਲਣ ਦੇ ਭਰੋਸੇ ’ਤੇ ਮੂਸੇਵਾਲਾ ਦੇ ਮਾਪਿਆਂ ਨੇ ਧਰਨਾ ਸਮਾਪਤ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਡੋਰ ਟੂ ਡੋਰ ਪ੍ਰਦਰਸ਼ਨ ਕਰਨਗੇ।

ਮੂਸੇਵਾਲਾ ਦੇ ਮਾਪਿਆਂ ਨਾਲ ਕਾਂਗਰਸੀ ਵਿਧਾਇਕ ਵੀ ਧਰਨੇ ’ਤੇ ਬੈਠੇ। ਮੂਸੇਵਾਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਅਸੀਂ ਇੱਥੋਂ ਨਹੀਂ ਹਿੱਲਾਂਗੇ, ਭਾਵੇਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ।

ਧਰਨੇ ਦੀ ਸੂਚਨਾ ਮਿਲਦੇ ਹੀ ਮੰਤਰੀ ਕੁਲਦੀਪ ਧਾਲੀਵਾਲ, ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸੀ। ਧਾਲੀਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ, ਮੁਲਜ਼ਮਾਂ ਨੂੰ ਬਾਹਰੋਂ ਲਿਆਂਦਾ ਜਾਵੇਗਾ। ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਮੁੱਖ ਮੰਤਰੀ ਹੁਣ ਇਸ ਮਾਮਲੇ ਨੂੰ ਦੇਖ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਮੂਸੇਵਾਲਾ ਪੂਰੇ ਪੰਜਾਬ ਦਾ ਪੁੱਤਰ ਸੀ। ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ। ਇਸ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਮਾਂ ਦੱਸੋ, ਕਿੰਨੇ ਸਮੇਂ ’ਚ ਕਾਰਵਾਈ ਕਰੋਗੇ। ਇਸ ’ਤੇ ਧਾਲੀਵਾਲ ਨੇ ਪਰਿਵਾਰ ਨੂੰ 20 ਤਾਰੀਕ ਤੋਂ ਬਾਅਦ ਮੁੱਖ ਮੰਤਰੀ ਨਾਲ ਮਿਲਣ ਦਾ ਭਰੋਸਾ ਦਿੱਤਾ।