ਮੂਸੇਵਾਲਾ ਹੱਤਿਆ ਕਾਂਡ : ਸ਼ੂਟਰਾਂ ਨੂੰ ਕੋਟਕਪੂਰਾ ਹਾਈਵੇ ਦੇ ਢਾਬੇ ’ਤੇ ਦਿੱਤੀ ਗਈ ਸੀ ਕੋਰੋਲਾ ਕਾਰ

ਚੰਡੀਗੜ੍ਹ, 22 ਜੂਨ, ਹ.ਬ. : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਚੱਲ ਰਹੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨਾਂ ਹਮਲਾਵਰਾਂ ਨੂੰ ਕੋਟਕਪੂਰਾ ਹਾਈਵੇ ’ਤੇ ਇੱਕ ਢਾਬੇ ’ਤੇ ਜਗਰੂਪ ਰੂਪਾ ਅਤੇ ਮਨਪ੍ਰੀਤ ਭਾਊ ਵੱਲੋਂ ਕੋਰੋਲਾ ਕਾਰ ਮੁਹੱਈਆ ਕਰਵਾਈ ਗਈ ਸੀ। ਇਨ੍ਹਾਂ ਦੋਵਾਂ ਨੂੰ ਇਹ ਕੰਮ ਗੋਲਡੀ ਬਰਾੜ ਦੇ ਕਹਿਣ ’ਤੇ ਗੈਂਗਸਟਰ ਮਨਪ੍ਰੀਤ ਮੰਨਾ ਨੇ ਦਿੱਤਾ ਸੀ। ਇਹ ਵੀ ਪਤਾ ਚਲਿਆ ਕਿ ਇਸੇ ਢਾਬੇ ’ਤੇ ਸ਼ੂਟਰਾਂ ਨੇ ਇਹ ਵੀ ਤੈਅ ਕਰ ਲਿਆ ਸੀ ਕਿ ਗੱਡੀਆਂ ਕਿਸ ਰਸਤੇ ਤੋਂ ਜਾਣਗੀਆਂ ਅਤੇ ਵਾਰਦਾਤ ਤੋਂ ਬਾਅਦ ਕਿਸ ਰਸਤੇ ਤੋਂ ਇਲਾਕੇ ਤੋਂ ਬਾਹਰ ਨਿਕਲ ਜਾਣਗੀਆਂ।
ਇਸ ਦੌਰਾਨ ਸੂਬਾ ਪੁਲਸ ਨੇ ਦਿੱਲੀ ਪੁਲਸ ਵੱਲੋਂ ਫੜੇ ਗਏ ਤਿੰਨਾਂ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਲਾਰੈਂਸ ਵੱਲੋਂ ਜਾਂਚ ਟੀਮ ਕੋਲ ਕਈ ਸ਼ੂਟਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਗਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਵੱਲੋਂ ਗੁਜਰਾਤ ਤੋਂ ਫੜੇ ਗਏ ਤਿੰਨ ਸ਼ੂਟਰ ਮੂਸੇਵਾਲਾ ਕਾਂਡ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਤਿੰਨਾਂ ਸ਼ੂਟਰਾਂ ਤੋਂ ਪੁੱਛਗਿੱਛ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸ਼ੂਟਰਾਂ ਦੇ ਨਾਲ ਗੈਂਗਸਟਰਾਂ ਅਤੇ ਅਪਣੇ ਗੁਰਗਿਆਂ ਦੇ ਨਾਲ ਮਿਲ ਕੇ ਪੂਰੀ ਯੋਜਨਾ ਕਿਵੇਂ ਬਣਾਈ?
ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਹੁਣ ਤੱਕ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ, ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖ਼ਾਨ ਅਤੇ ਸੰਦੀਪ ਕੇਕੜਾ ਸਮੇਤ 11 ਵਿਅਕਤੀਆਂ ਨੂੰ ਵੱਖ-ਵੱਖ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਹੱਥ ਆਏ ਸ਼ੂਟਰਾਂ ਨਾਲ ਇਨ੍ਹਾਂ ਦੇ ਸਬੰਧਾਂ ਦਾ ਵੀ ਪਤਾ ਲਗਾ ਰਹੀ ਹੈ।
ਦੂਜੇ ਪਾਸੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਅਵਰਤ ਉਰਫ ਫੌਜੀ, ਗੁਜਰਾਤ ਤੋਂ ਗ੍ਰਿਫਤਾਰ ਕੀਤੇ ਗਏ ਕਸ਼ਿਸ਼ ਵਾਸੀ ਝੱਜਰ ਅਤੇ ਬਠਿੰਡਾ ਦੇ ਰਹਿਣ ਵਾਲੇ ਕੇਸ਼ਵ ਕੁਮਾਰ ਦੇ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਦੁਆਰਾ ਲਏ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਨ੍ਹਾਂ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਏਗੀ।
ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਲਏ ਗਏ ਰਿਮਾਂਡ ਦੀ ਮਿਆਦ ਪੂਰੀ ਹੋ ਗਈ ਹੈ। ਕਿਉਂਕਿ ਦਿੱਲੀ ਪੁਲਿਸ ਨੇ ਇਹਨਾਂ ਤਿੰਨਾਂ ਦੇ ਕਬਜੇ ਤੋਂ ਕਈ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ, ਪੰਜਾਬ ਪੁਲਿਸ ਇਹ ਵੀ ਪਤਾ ਲਗਾਉਣਾ ਚਾਹੁੰਦੀ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਅਤਿ-ਆਧੁਨਿਕ ਹਥਿਆਰਾਂ ਤੋਂ ਇਲਾਵਾ ਸ਼ੂਟਰਾਂ ਕੋਲੋ ਅਸਲਾ ਬਰਾਮਦ ਹੋਇਆ ਹੈ। ਇਹ ਕਿੱਥੇ ਵਰਤਿਆ ਜਾਣਾ ਸੀ? ਇਨ੍ਹਾਂ ਤਿੰਨਾਂ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਬਾਕੀ ਹਮਲਾਵਰਾਂ ਦਾ ਵੀ ਪਤਾ ਲੱਗ ਜਾਵੇਗਾ ਅਤੇ ਸ਼ੂਟਰਾਂ ਨੂੰ ਕੋਰੋਲਾ ਗੱਡੀ ਤੋਂ ਇਲਾਵਾ ਹੋਰ ਗੱਡੀਆਂ ਕਿਸ ਨੇ ਮੁਹੱਈਆ ਕਰਵਾਈਆਂ ਸਨ।
ਪੰਜਾਬ ਪੁਲਿਸ ਦੀ ਜਾਂਚ ਟੀਮ ਇਹ ਵੀ ਪਤਾ ਲਗਾ ਰਹੀ ਕਿ ਮੂਸੇਵਾਲਾ ਦੀ ਰਿਹਾਇਸ਼ ਦੀ ਰੇਕੀ ਵੇਲੇ ਸ਼ੂਟਰ ਅਪਣੀ ਗੱਡੀਆਂ ’ਤੇ ਕਿਸ ਕਿਸ ਜਗ੍ਹਾ ਰੁਕੇ ਹੋਏ ਸੀ ਅਤੇ ਮੂਸੇਵਾਲਾ ਦੇ ਘਰ ਤੋਂ ਨਿਕਲਣ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਕਿਵੇਂ ਇਕੱਠੇ ਸੜਕ ’ਤੇ ਪਹੁੰਚ ਗਏ ਸੀ?

Video Ad
Video Ad