Home ਨਜ਼ਰੀਆ ਮੈਂ ਇਕ ਪੈਰ ਨਾਲ ਬੰਗਾਲ ਜਿੱਤਾਂਗੀ ਅਤੇ ਦੋਹਾਂ ਪੈਰਾਂ ਨਾਲ ਦਿੱਲੀ : ਮਮਤਾ ਬੈਨਰਜੀ

ਮੈਂ ਇਕ ਪੈਰ ਨਾਲ ਬੰਗਾਲ ਜਿੱਤਾਂਗੀ ਅਤੇ ਦੋਹਾਂ ਪੈਰਾਂ ਨਾਲ ਦਿੱਲੀ : ਮਮਤਾ ਬੈਨਰਜੀ

0
ਮੈਂ ਇਕ ਪੈਰ ਨਾਲ ਬੰਗਾਲ ਜਿੱਤਾਂਗੀ ਅਤੇ ਦੋਹਾਂ ਪੈਰਾਂ ਨਾਲ ਦਿੱਲੀ : ਮਮਤਾ ਬੈਨਰਜੀ

ਕੋਲਕਾਤਾ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਹੁਗਲੀ ਦੇ ਦੇਬਾਨੰਦਪੁਰ ਵਿਖੇ ਤੀਜੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਪੈਰ ਨਾਲ ਬੰਗਾਲ ਨੂੰ ਜਿੱਤਣਗੇ ਅਤੇ ਭਵਿੱਖ ‘ਚ ਦੋਵਾਂ ਪੈਰਾਂ ਨਾਲ ਦਿੱਲੀ ਜਿੱਤਣਗੇ।

ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, “8 ਗੇੜ ‘ਚ ਚੋਣਾਂ ਕਰਵਾਉਣ ਦੀ ਕੀ ਲੋੜ ਸੀ? ਇਹ ਕੰਮ ਭਾਜਪਾ ਮੰਡਲ ਨੇ ਕੀਤਾ ਹੈ। ਕੋਰੋਨਾ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੀ ਉਨ੍ਹਾਂ ਨੂੰ ਘੱਟ ਸਮੇਂ ‘ਚ ਚੋਣਾਂ ਪੂਰੀਆਂ ਨਹੀਂ ਕਰਨੀਆਂ ਚਾਹੀਦੀਆਂ ਸਨ।”

ਦਰਅਸਲ, ਹਾਲ ਹੀ ‘ਚ ਮਮਤਾ ਬੈਨਰਜੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕ ਚਿੱਠੀ ਲਿਖ ਕੇ ਇੱਕਜੁਟ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਗ਼ੈਰ-ਭਾਜਪਾ ਆਗੂਆਂ ਨੂੰ ਇੱਕ ਚਿੱਠੀ ਲਿਖੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਵਿਰੁੱਧ ਇਕਜੁੱਟ ਲੜਾਈ ਲੜਨ ਦਾ ਸੱਦਾ ਦਿੱਤਾ।

ਮਮਤਾ ਬੈਨਰਜੀ ਨੇ ਸੋਨੀਆ ਗਾਂਧੀ, ਸ਼ਰਦ ਪਵਾਰ, ਐਮ.ਕੇ. ਸਟਾਲਿਨ, ਅਖਿਲੇਸ਼ ਯਾਦਵ, ਤੇਜਸ਼ਵੀ ਯਾਦਵ, ਊਧਵ ਠਾਕਰੇ, ਹੇਮੰਤ ਸੋਰੇਨ, ਅਰਵਿੰਦ ਕੇਜਰੀਵਾਲ, ਨਵੀਨ ਪਟਨਾਇਕ, ਜਗਨ ਰੈੱਡੀ, ਕੇ.ਐਸ. ਰੈੱਡੀ, ਫਾਰੂਕ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਦੀਪਾਂਕਰ ਭੱਟਾਚਾਰੀਆ ਨੂੰ ਚਿੱਠੀ ਲਿਖ ਕੇ ਸਮਰਥਨ ਦੀ ਮੰਗ ਕੀਤੀ ਹੈ।

ਬੀਤੀ 10 ਮਾਰਚ ਨੂੰ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ‘ਚ ਚੋਣ ਪ੍ਰਚਾਰ ਦੌਰਾਨ ਸੱਟ ਲੱਗ ਗਈ ਸੀ। ਇਸ ਸੱਟ ਨੂੰ ਮਮਤਾ ਬੈਨਰਜੀ ਨੇ ਹਮਲਾ ਦੱਸਦਿਆਂ ਸਾਜਿਸ਼ ਵੱਲ ਇਸ਼ਾਰਾ ਕੀਤਾ ਸੀ। ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਮਮਤਾ ਬੈਨਰਜੀ ਵੱਲੋਂ ਹਮਦਰਦੀ ਲੈਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਹਾਲ ਹੀ ‘ਚ ਮਮਤਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਚ ਵਾਇਰਲ ਹੋਈ ਹੈ। ਇਸ ‘ਚ ਉਹ ਪੈਰ ਹਿਲਾਉਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਟੀਐਮਸੀ ਨੇ ਕਿਹਾ ਕਿ ਭਾਜਪਾ ਨੂੰ ਔਰਤਾਂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ 6 ਅਪ੍ਰੈਲ ਨੂੰ ਤੀਜੇ ਗੇੜ ਲਈ ਵੋਟਿੰਗ ਹੋਣੀ ਹੈ। ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੋਵਾਂ ਨੇ ਚੋਣ ਪ੍ਰਚਾਰ ‘ਚ ਪੂਰੀ ਤਾਕਤ ਲਗਾ ਦਿੱਤੀ ਹੈ। ਇਕ ਪਾਸੇ ਟੀਐਮਸੀ ਪੂਰਨ ਬਹੁਮਤ ਦੀ ਸਰਕਾਰ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਭਾਜਪਾ 200 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਅਸਾਮ ‘ਚ ਵੀ ਤੀਜੇ ਅਤੇ ਗੇੜ ਪੜਾਅ ‘ਚ ਵੋਟਿੰਗ 6 ਅਪ੍ਰੈਲ ਨੂੰ ਹੋਵੇਗੀ। ਇਸ ਦੇ ਨਾਲ ਹੀ ਤਾਮਿਲਨਾਡੂ, ਕੇਰਲ, ਪੁੱਡੂਚੇਰੀ ‘ਚ ਵੀ ਇਕ ਹੀ ਗੇੜ ‘ਚ ਚੋਣਾਂ ਹੋਣੀਆਂ ਹਨ।

ਦੱਸ ਦੇਈਏ ਕਿ ਪੱਛਮੀ ਬੰਗਾਲ ‘ਚ 294 ਵਿਧਾਨ ਸਭਾ ਸੀਟਾਂ ਉੱਤੇ 8 ਗੇੜ ‘ਚ ਚੋਣਾਂ ਹੋ ਰਹੀਆਂ ਹਨ। ਵੋਟਿੰਗ ਦਾ ਪਹਿਲਾ ਗੇੜ 27 ਮਾਰਚ ਨੂੰ ਹੋਇਆ ਸੀ, ਜਦਕਿ ਦੂਜੇ ਗੇੜ ਦੀ ਵੋਟਿੰਗ 1 ਅਪ੍ਰੈਲ ਨੂੰ ਹੋਈ ਸੀ। ਹੁਣ ਤੀਜੇ ਗੇੜ ਦੀ ਵੋਟਿੰਗ 6 ਅਪ੍ਰੈਲ ਨੂੰ ਹੋਵੇਗੀ। ਇਸ ਦੇ ਨਾਲ ਹੀ ਅੰਤਮ ਗੇੜ ਦੀਆਂ ਵੋਟਾਂ 29 ਅਪ੍ਰੈਲ ਨੂੰ ਪਾਈਆਂ ਜਾਣਗੀਆਂ। ਨਤੀਜੇ 2 ਮਈ ਨੂੰ ਐਲਾਨੇ ਜਾਣਗੇ।