
ਕੋਲਕਾਤਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਾਂਥੀ ਦੀ ਚੋਣ ਰੈਲੀ ‘ਚ ਭਾਜਪਾ ਉੱਤੇ ਜ਼ੋਰਦਾਰ ਹਮਲਾ ਕੀਤਾ ਅਤੇ ਸਮਰਥਕਾਂ ਨੂੰ ਸੰਬੋਧਤ ਕਰਦਿਆਂ ਕਿਹਾ, “ਖੇਲਾ ਹੋਬੇ… ਮੈਂ ਇਕ ਪੈਰ ਨਾਲ ਭਾਜਪਾ ਨੂੰ ਬੋਲਡ ਆਊਟ ਕਰਾਂਗੀ।” ਇਸ ਦੇ ਨਾਲ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣਾ ਹੋਵੇਗਾ, ਬਾਹਰੀ ਗੁੰਡਿਆਂ ਨੂੰ ਹਟਾਉਣਾ ਹੋਵੇਗਾ ਅਤੇ ਬੰਗਾਲ ਨੂੰ ਬਚਾਉਣਾ ਹੋਵੇਗਾ।
ਦੱਸ ਦੇਈਏ ਕਿ ਨੰਦੀਗ੍ਰਾਮ ‘ਚ ਜ਼ਖ਼ਮੀ ਹੋਣ ਤੋਂ ਬਾਅਦ ਮਮਤਾ ਬੈਨਰਜੀ ਲਗਾਤਾਰ ਵ੍ਹੀਲ ਚੇਅਰ ‘ਤੇ ਬੈਠ ਕੇ ਚੋਣ ਰੈਲੀਆਂ ਕਰ ਰਹੀਆਂ ਹਨ ਅਤੇ ਭਾਜਪਾ ਤੇ ਸ਼ੁਭੇਂਦੁ ਅਧਿਕਾਰੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਦੱਸ ਦੇਈਏ ਕਿ ਐਤਵਾਰ ਨੂੰ ਸ਼ੁਭੇਂਦੁ ਅਧਿਕਾਰੀ ਦੇ ਪਿਤਾ ਅਤੇ ਟੀਐਮਸੀ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਭਾਜਪਾ ‘ਚ ਸ਼ਾਮਲ ਹੋ ਗਏ।
ਮਮਤਾ ਬੈਨਰਜੀ ਨੇ ਕਿਹਾ, “ਉਹ ਸੋਚ ਰਹੇ ਹਨ ਕਿ ਮੇਰੇ ਪੈਰ ਤੋੜ ਦਿੱਤੇ ਹਨ ਤਾਂ ਮੈਂ ਰੈਲੀਆਂ ਨਹੀਂ ਕਰ ਸਕਾਂਗੀ। ਪਹਿਲਾਂ ਸਿਰ ‘ਚ ਸੱਟ ਮਾਰੀ, ਮੇਰੀਆਂ ਦੋਵੇਂ ਬਾਹਾਂ ਤੋੜੀਆਂ, ਪਿੱਠ ‘ਚ ਸੱਟਾਂ ਮਾਰੀਆਂ, ਅੱਖ ‘ਚ ਸੱਟ ਮਾਰੀ। ਸਿਰਫ਼ ਪੈਰ ਬਾਕੀ ਸਨ। ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਖੇਲਾ ਹੋਵੇਗਾ। ਇਕ ਪੈਰ ਨਾਲ ਅਜਿਹਾ ਗੋਲ ਮਾਰਾਂਗੀ ਕਿ ਸਾਰਿਆਂ ਨੂੰ ਬੋਲਡ ਆਊਟ ਕਰਕੇ ਮੈਦਾਨ ਤੋਂ ਬਾਹਰ ਕਰ ਦਿਆਂਗੀ। ਬਾਹਰੀ ਗੁੰਡਿਆਂ ਨੂੰ ਹਟਾਉਣਾ ਹੋਵੇਗਾ ਅਤੇ ਬੰਗਾਲ ਨੂੰ ਬਚਾਉਣਾ ਹੋਵੇਗਾ।”
ਸ਼ੁਭੇਂਦੁ ਅਧਿਕਾਰੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, “ਮੈਨੂੰ ਕਾਂਥੀ ‘ਚ ਰੈਲੀ ਨਹੀਂ ਕੀਤੀ ਦੇਣ ਜਾਂਦੀ ਸੀ। ਨਿਵਰੇਦ ਰਾਏ ਨੂੰ ਹਰਾ ਦਿੱਤਾ ਗਿਆ ਸੀ। ਮੈਂ ਕੰਮ ਕਰ ਰਹੀ ਹਾਂ ਅਤੇ ਉਹ ਮੇਰੇ ਨਾਮ ਤੋਂ ਫ਼ਾਇਦਾ ਲੈ ਰਹੇ ਹਨ।” ਉਨ੍ਹਾਂ ਕਿਹਾ, “ਨਰਿੰਦਰ ਮੋਦੀ ਗੱਦਾਰਾਂ ਦਾ ਸਰਦਾਰ ਹੈ। ਕਦੇ ਮੈਂ ਉਨ੍ਹਾਂ ਦਾ ਸਤਕਾਰ ਕਰਦੀ ਸੀ, ਪਰ ਹੁਣ ਉਨ੍ਹਾਂ ਦੇ ਹੱਥਾਂ ‘ਚੋਂ ਮੇਦਨੀਪੁਰ ਨੂੰ ਆਜ਼ਾਦ ਕਰਵਾਉਣਾ ਹੋਵੇਗਾ, ਤਾਂ ਹੀ ਇਸ ਥਾਂ ਦੇ ਲੋਕਾਂ ਨੂੰ ਸ਼ਾਂਤੀ ਮਿਲੇਗੀ। ਕੀ ਤੁਸੀਂ ਚਾਹੁੰਦੇ ਹੋ ਕਿ ਬਾਹਰੀ ਗੁੰਡਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ? ਨੰਦੀਗ੍ਰਾਮ ‘ਚ ਗੋਲੀ ਚੱਲੀ ਸੀ, ਉਦੋਂ ਮੈਂ ਇੱਥੇ ਸੀ। ਇਨ੍ਹਾਂ ‘ਚੋਂ ਕੋਈ ਵੀ ਇੱਥੇ ਨਹੀਂ ਸੀ। ਭਾਜਪਾ ਇਕ ਅਪਰਾਧਕ ਪਾਰਟੀ ਹੈ। ਕਿਸੇ ਵੀ ਗੁੰਡੇ ਅਤੇ ਬਾਹਰੀ ਵਿਅਕਤੀ ਨੂੰ ਇੱਥੇ ਨਹੀਂ ਆਉਣ ਦਿਆਂਗੇ।