ਕੋਲਕਾਤਾ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪੱਛਮੀ ਮਿਦਨਾਪੁਰ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਮਮਤਾ ਬੈਨਰਜੀ ਨੇ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਕੀਤਾ।
ਮਮਤਾ ਨੇ ਕਿਹਾ, “ਮੈਂ ਸ਼ੇਰਨੀ ਹਾਂ ਅਤੇ ਸਿਰਫ਼ ਲੋਕਾਂ ਅੱਗੇ ਆਪਣਾ ਸਿਰ ਝੁਕਾਵਾਂਗੀ। ਭਾਜਪਾ ਔਰਤਾਂ ਅਤੇ ਦਲਿਤਾਂ ਨੂੰ ਸਤਾਉਂਦੀ ਹੈ, ਅਜਿਹੇ ‘ਚ ਮੈਂ ਉਨ੍ਹਾਂ ਅੱਗੇ ਆਪਣਾ ਸਿਰ ਨਹੀਂ ਝੁਕਾਵਾਂਗੀ।” ਆਪਣੇ ਭਾਸ਼ਣ ‘ਚ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਬੰਗਾਲ ਦੇ ਸਾਰੇ ਹੋਟਲ ਭਾਜਪਾ ਵਰਕਰਾਂ ਨਾਲ ਭਰੇ ਹੋਏ ਹਨ। ਭਾਜਪਾ ਨੇ 100 ਉਡਾਣਾਂ ਕਿਰਾਏ ‘ਤੇ ਲਈਆਂ ਹਨ, ਹੈਲੀਕਾਪਟਰਾਂ ਦੀ ਗਿਣਤੀ ਬਾਰੇ ਤਾਂ ਪਤਾ ਹੀ ਨਹੀਂ ਹੈ।
ਮਮਤਾ ਬੈਨਰਜੀ ਨੇ ਭਾਜਪਾ ‘ਤੇ ਵੋਟਾਂ ਖਰੀਦਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਆਗੂ ਨਕਦੀ ਨਾਲ ਭਰੇ ਬੈਗ ਲੈ ਕੇ ਆਉਂਦੇ ਹਨ ਅਤੇ ਵੋਟਰਾਂ ਨੂੰ ਪੈਸੇ ਦਿੰਦੇ ਹਨ, ਪਰ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਐਨਪੀਆਰ ਲਾਗੂ ਕਰਨ ਦੇ ਬਹਾਨੇ ਵੋਟਰਾਂ ਦੇ ਨਾਮ ਸੂਚੀ ‘ਚੋਂ ਹਟਾਏਗੀ, ਪਰ ਬੰਗਾਲ ‘ਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਸਟੇਜ਼ ਤੋਂ ਇਕ ਵਾਰ ਫਿਰ ‘ਚੰਡੀ ਪਾਠ’ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਟੇਜ਼ ਤੋਂ ‘ਖੇਲਾ ਹੋਬੇ’ ਦਾ ਨਾਅਰਾ ਬੁਲੰਦ ਕਰਨ। ਮਮਤਾ ਦੀ ਅਪੀਲ ‘ਤੇ ਲੋਕਾਂ ਨੇ ‘ਖੇਲਾ ਹੋਬੇ’ ਦੇ ਨਾਅਰੇ ਲਗਾਏ। ਇਸ ਦੇ ਨਾਲ ਹੀ ਕਿਹਾ ਕਿ ਇਸ ਵਾਰ ‘ਖੇਲਾ’ ਹੋ ਕੇ ਰਹੇਗਾ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ, “ਮੈਂ ਸ਼ੁਰੂ ਤੋਂ ਹੀ ਵਿਦਿਆਰਥੀਆਂ, ਕਿਸਾਨਾਂ, ਔਰਤਾਂ ਤੇ ਗਰੀਬਾਂ ਦੀ ਸੇਵਾ ‘ਚ ਲੱਗੀ ਹੋਈ ਹਾਂ, ਪਰ ਕੁਝ ਲੋਕਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਹੈ।”
‘ਵੋਟਾਂ ਲੁੱਟਣ ਵਾਲੇ ਲੋਕ ਵਾਅਦੇ ਭੁੱਲ ਜਾਂਦੇ ਹਨ’
ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਹਜ਼ਾਰਾਂ ਆਗੂ ਵੋਟਾਂ ਲੁੱਟਣ ਲਈ ਇੱਥੇ ਆ ਰਹੇ ਹਨ। ਵੋਟਾਂ ਨੂੰ ਲੁੱਟਣ ਦੇ ਨਾਲ-ਨਾਲ ਅਜਿਹੇ ਨੇਤਾ ਸੁਪਨੇ ਵੀ ਵਿਖਾ ਰਹੇ ਹਨ। ਸੂਬੇ ਦੇ ਲੋਕਾਂ ਨੂੰ ਅਜਿਹੇ ਆਗੂਆਂ ਦੇ ਬਹਿਕਾਵੇ ‘ਚ ਆਉਣ ਦੀ ਲੋੜ ਨਹੀਂ ਹੈ। ਅਜਿਹੇ ਆਗੂ ਵੋਟਾਂ ਲੈਣ ਤੋਂ ਬਾਅਦ ਹੀ ਆਪਣੇ ਵਾਅਦੇ ਭੁੱਲ ਜਾਂਦੇ ਹਨ।
ਦੱਸ ਦੇਈਏ ਕਿ ਮਮਤਾ ਬੈਨਰਜੀ ਨੂੰ ਪਿਛਲੇ ਦਿਨੀਂ ਲੱਤ ‘ਤੇ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਵ੍ਹੀਲ ਚੇਅਰ ‘ਤੇ ਹੀ ਚੋਣ ਪ੍ਰਚਾਰ ਕਰ ਰਹੇ ਹਨ।

