Home ਨਜ਼ਰੀਆ ਮੈਂ ਸੀਆਰਪੀਐਫ ਦਾ ਸਨਮਾਨ ਕਰਦੀ ਹਾਂ, ਪਰ ਭਾਜਪਾ ਦੀ ਸੀਆਰਪੀਐਫ ਦਾ ਨਹੀਂ : ਮਮਤਾ ਬੈਨਰਜੀ

ਮੈਂ ਸੀਆਰਪੀਐਫ ਦਾ ਸਨਮਾਨ ਕਰਦੀ ਹਾਂ, ਪਰ ਭਾਜਪਾ ਦੀ ਸੀਆਰਪੀਐਫ ਦਾ ਨਹੀਂ : ਮਮਤਾ ਬੈਨਰਜੀ

0
ਮੈਂ ਸੀਆਰਪੀਐਫ ਦਾ ਸਨਮਾਨ ਕਰਦੀ ਹਾਂ, ਪਰ ਭਾਜਪਾ ਦੀ ਸੀਆਰਪੀਐਫ ਦਾ ਨਹੀਂ : ਮਮਤਾ ਬੈਨਰਜੀ

ਕੋਲਕਾਤਾ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਤੀਜਾ ਗੇੜ ਪੂਰਾ ਹੋਣ ਤੋਂ ਬਾਅਦ ਚੌਥੇ ਗੇੜ ਲਈ ਚੋਣ ਪ੍ਰਚਾਰ ਜਾਰੀ ਹੈ। ਇਸ ਤਹਿਤ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਕੂਚ ਬਿਹਾਰ ‘ਚ ਇਕ ਚੋਣ ਰੈਲੀ ਕੀਤੀ। ਹਰ ਵਾਰ ਦੀ ਤਰ੍ਹਾਂ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨਾ ਬਣਾਇਆ ਅਤੇ ਨਾਲ ਹੀ ਸੁਤੰਤਰ ਤੇ ਨਿਰਪੱਖ ਚੋਣਾਂ ਦੀ ਮੰਗ ਕੀਤੀ। ਉਨ੍ਹਾਂ ਨੇ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ‘ਚ ਤਾਇਨਾਤ ਸੀਆਰਪੀਐਫ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵੋਟਰਾਂ ਨਾਲ ਮਾਰਕੁੱਟ ਤੇ ਪ੍ਰੇਸ਼ਾਨ ਕਰ ਰਹੇ ਹਨ।

ਆਪਣੇ ਭਾਸ਼ਣ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਅਸੀਂ ਸੁਤੰਤਰ ਤੇ ਨਿਰਪੱਖ ਚੋਣਾਂ ਚਾਹੁੰਦੇ ਹਾਂ। ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਸੀਆਰਪੀਐਫ ਨੂੰ ਵੋਟਰਾਂ ਨੂੰ ਪੋਲਿੰਗ ਸਟੇਸ਼ਨ ‘ਚ ਦਾਖਲ ਹੋਣ ਤੋਂ ਨਹੀਂ ਰੋਕਣਾ ਚਾਹੀਦਾ। ਮੈਂ ਸੀਆਰਪੀਐਫ ਦਾ ਸਨਮਾਨ ਕਰਦੀ ਹਾਂ, ਜੋ ਅਸਲ ਜਵਾਨ ਹਨ। ਪਰ ਮੈਂ ਭਾਜਪਾ ਸੀਆਰਪੀਐਫ ਦਾ ਸਨਮਾਨ ਨਹੀਂ ਕਰਦੀ। ਜੋ ਔਰਤਾਂ ‘ਤੇ ਹਮਲਾ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।”

ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਉਹ ਵੋਟਰਾਂ ਨੂੰ ਆਪਣੀ ਵੋਟ ਪਾਉਣ ਤੋਂ ਰੋਕ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਮਤਾ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਚੱਲ ਰਹੀਆਂ ਚੋਣਾਂ ਦੌਰਾਨ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਮੁਤਾਬਕ ਚੋਣ ਕਮਿਸ਼ਨ ਕੰਮ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਹੁਗਲੀ ਦੇ ਦੇਵਬੰਦਪੁਰ ‘ਚ ਇਕ ਰੈਲੀ ‘ਚ ਮਮਤਾ ਬੈਨਰਜੀ ਨੇ ਕਿਹਾ, “ਭਾਜਪਾ ਵਾਲਿਓਂ, ਕੀ ਤੁਸੀਂ ਪੱਛਮੀ ਬੰਗਾਲ ‘ਚ ਚੋਣ ਲੜਨ ਲਈ ਸਥਾਨਕ ਉਮੀਦਵਾਰ ਨਹੀਂ ਲੱਭ ਸਕਦੇ? ਉਨ੍ਹਾਂ ਕੋਲ ਆਪਣਾ ਕੋਈ ਸਥਾਨਕ ਉਮੀਦਵਾਰ ਨਹੀਂ ਹੈ। ਉਨ੍ਹਾਂ ਨੇ ਜਾਂ ਤਾਂ ਟੀਐਮਸੀ ਤੋਂ ਲੋਕਾਂ ਨੂੰ ਚੋਣਾਂ ਲੜਨ ਲਈ ਉਧਾਰ ਲਿਆ ਹੈ ਜਾਂ ਸੀਪੀਐਮ ਤੋਂ। ਉਹ ਲੋਕ ਪਾਣੀ ਦੀ ਤਰ੍ਹਾਂ ਪੈਸਾ ਵਹਾ ਰਹੇ ਹਨ। ਜਿਹੜੇ ਸੋਨਾਰ ਬੰਗਲਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ, ਉਹ ਬੰਗਾਲ ‘ਤੇ ਕੀ ਰਾਜ ਕਰਨਗੇ। ਮੈਂ ਅੱਜ ਬੰਗਾਲ ਨੂੰ ਇੱਕ ਲੱਤ ਨਾਲ ਜਿੱਤਾਂਗੀ ਅਤੇ ਕੱਲ੍ਹ ਨੂੰ ਦੋਵੇਂ ਲੱਤਾਂ ਨਾਲ ਦਿੱਲੀ ਨੂੰ ਜਿੱਤਾਂਗੀ।”