ਮੈਕਸਿਕੋ ਵਿਚ ਬੰਦੂਕਧਾਰੀਆਂ ਵਲੋਂ ਪੁਲਿਸ ਵਾਲਿਆਂ ’ਤੇ ਫਾਇਰਿੰਗ, 9 ਅਪਰਾਧੀ ਢੇਰ, 4 ਪੁਲਿਸ ਮੁਲਾਜ਼ਮਾਂ ਦੀ ਮੌਤ

ਜਲਿਸਕੋ, 24 ਜੂਨ, ਹ.ਬ. : ਮੈਕਸਿਕੋ ਦੇ ਜੈਲਿਸਕੋ ਰਾਜ ਵਿੱਚ ਪੁਲਿਸ ਅਤੇ ਡਰੱਗ ਮਾਫੀਆ ਵਿਚਕਾਰ ਮੁਕਾਬਲਾ ਹੋਇਆ। ਇਸ ’ਚ 13 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਐਲ ਸਾਲਟੋ ਸ਼ਹਿਰ ਵਿੱਚ ਹੋਇਆ। 9 ਅਪਰਾਧੀ ਅਤੇ 4 ਪੁਲਿਸ ਅਧਿਕਾਰੀ ਮਾਰੇ ਗਏ ਸਨ। ਗਵਰਨਰ ਐਨਰਿਕ ਅਲਫਾਰੋ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸੇਫ਼ ਹਾਊਸ ਵਿੱਚ ਦੋ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਹਥਿਆਰ ਵੀ ਛੁਪਾਏ ਗਏ ਹਨ। ਜਿਸ ਤੋਂ ਬਾਅਦ ਪੁਲਿਸ ਕਾਰਵਾਈ ਲਈ ਪਹੁੰਚੀ। ਉਨ੍ਹਾਂ ਕਿਹਾ- ਇੱਥੇ ਪਹਿਲਾਂ ਤੋਂ ਮੌਜੂਦ ਅਪਰਾਧੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ 9 ਅਪਰਾਧੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿੱਚ ਇੱਕ ਔਰਤ ਵੀ ਸੀ। ਇਸ ਦੌਰਾਨ 4 ਪੁਲਿਸ ਅਧਿਕਾਰੀ ਵੀ ਮਾਰੇ ਗਏ। ਪੁਲਸ ਨੇ ਕੁਝ ਅਪਰਾਧੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਹਥਿਆਰ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਅਜਿਹੀਆਂ ਘਟਨਾਵਾਂ ਵਿੱਚ ਹੁਣ ਤੱਕ 10 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਮੈਕਸਿਕੋ ਵਿਚ ਜਿਸ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਉਹ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਅਤੇ ਗੈਂਗ ਵਾਰ ਦੇ ਆਤੰਕ ਨਾਲ ਘਿਰਿਆ ਹੋਇਆ ਹੈ। ਪੁਲਿਸ ਅਤੇ ਨਸ਼ੀਲੇ ਪਦਾਰਥਾਂ ਦੇ ‘ਜੈਲਿਸਕੋ ਨਿਊ ਜਨਰੇਸ਼ਨ ਕਾਰਟੈਲ’ ਸਮੂਹ ਵਿਚਕਾਰ ਇੱਥੇ ਸਾਲਾਂ ਤੋਂ ਹਿੰਸਕ ਝੜਪਾਂ ਹੋਈਆਂ ਹਨ। ਸਰਕਾਰ ਨੇ ਡਰੱਗ ਮਾਫੀਆ ਦਾ ਸਫਾਇਆ ਕਰਨ ਲਈ 2006 ਵਿੱਚ ਇੱਥੇ ਫੌਜ ਤਾਇਨਾਤ ਕੀਤੀ ਸੀ। ਉਦੋਂ ਤੋਂ ਹੁਣ ਤੱਕ ਇਨ੍ਹਾਂ ਹਿੰਸਕ ਘਟਨਾਵਾਂ ਵਿੱਚ 3 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Video Ad
Video Ad