ਸਿਡਨੀ, 24 ਮਈ, ਹ.ਬ. : ਆਸਟ੍ਰੇਲੀਆ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰੈਸ ਕਾਨਫਰੰਸ ਕੀਤੀ। ਪੀਐਮ ਮੋਦੀ ਨੇ ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋਏ ਹਮਲੇ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ, ਅਸੀਂ ਪਹਿਲਾਂ ਵੀ ਵੱਖਵਾਦੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਗੱਲ ਕੀਤੀ ਸੀ। ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਸ ਨਾਲ ਸਾਡੇ ਰਿਸ਼ਤਿਆਂ ਨੂੰ ਨੁਕਸਾਨ ਹੋਵੇ। ਪੀਐਮ ਅਲਬਾਨੀਜ਼ ਨੇ ਭਰੋਸਾ ਦਿੱਤਾ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੋਦੀ ਨੇ ਕਿਹਾ, ‘ਇੱਕ ਸਾਲ ਵਿੱਚ ਅਲਬਾਨੀਜ਼ ਨਾਲ ਇਹ ਮੇਰੀ ਛੇਵੀਂ ਮੁਲਾਕਾਤ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਕਿੰਨੇ ਡੂੰਘੇ ਹਨ। ਕ੍ਰਿਕਟ ਦੀ ਭਾਸ਼ਾ ਵਿੱਚ, ਦੋਵਾਂ ਦੇਸ਼ਾਂ ਦੇ ਰਿਸ਼ਤੇ ਟੀ-20 ਮੋਡ ਵਿੱਚ ਆ ਗਏ ਹਨ।’ ਮੋਦੀ ਨੇ ਇਸ ਸਾਲ ਭਾਰਤ ’ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਅਲਬਾਨੀਜ਼ ਨੂੰ ਸੱਦਾ ਦਿੱਤਾ।