ਮੋਬਾਈਲ ਦੀ ਬੈਟਰੀ ‘ਚ ਧਮਾਕਾ, 12 ਸਾਲਾ ਲੜਕੇ ਦੀ ਮੌਤ

ਮਿਰਜਾਪੁਰ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ‘ਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਅੱਜ-ਕੱਲ੍ਹ ਬਾਜ਼ਾਰ ‘ਚ ਕਈ ਤਰ੍ਹਾਂ ਦੇ ਚੀਨੀ ਕਿਸਮ ਦੇ ਚਾਰਜਰ ਮੌਜੂਦ ਹਨ। ਇਨ੍ਹਾਂ ‘ਚੋਂ ਕੋਈ ਚਾਰਜਰ ਤੁਹਾਡੇ ਬੱਚੇ ਦੀ ਜਾਨ ਲੈ ਸਕਦਾ ਹੈ।
ਸੂਬੇ ਦੇ ਮਿਰਜ਼ਾਪੁਰ ਜ਼ਿਲ੍ਹੇ ‘ਚ ਇਕ ਚੀਨੀ ਚਾਰਜਰ ਕਾਰਨ 12 ਸਾਲਾ ਬੱਚੇ ਦੀ ਮੌਤ ਹੋ ਗਈ। ਮੋਬਾਈਲ ਚਾਰਜ ਕਰਨ ਤੋਂ ਬਾਅਦ ਲੜਕੇ ਨੇ ਜਿਵੇਂ ਹੀ ਮੋਬਾਈਲ ਬੈਟਰੀ ਨੂੰ ਜੀਭ ਨਾਲ ਲਗਾਇਆ ਤਾਂ ਤੁਰੰਤ ਬੈਟਰੀ ‘ਚ ਧਮਾਕਾ ਹੋ ਗਿਆ। ਹਲਿਆ ਥਾਣਾ ਖੇਤਰ ਦੇ ਮਤਵਾਰ ਪਿੰਡ ਵਾਸੀ ਬਾਬੂਲਾਲ ਕੋਲ ਦਾ 12 ਸਾਲਾ ਬੇਟਾ ਮੋਨੂੰ ਸ਼ੁੱਕਰਵਾਰ ਦੁਪਹਿਰ ਨੂੰ ਮੋਬਾਈਲ ਬੈਟਰੀ ਨੂੰ ਦੇਸੀ ਚਾਰਜਰ (ਗ੍ਰਾਮੀਣਾਂਚਲ ‘ਚ ਵਿਕਣ ਵਾਲਾ ਚੀਨੀ ਚਾਰਜਰ) ਨਾਲ ਚਾਰਜ ਕਰ ਰਿਹਾ ਸੀ। ਚਾਰਜਿੰਗ ਤੋਂ ਬਾਅਦ ਚੈਕ ਕਰਨ ਲਈ ਜਿਵੇਂ ਹੀ ਬੈਟਰੀ ਨੂੰ ਜੀਭ ਨਾਲ ਲਗਾਇਆ ਤਾਂ ਬੈਟਰੀ ‘ਚ ਧਮਾਕਾ ਹੋ ਗਿਆ। ਬੱਚੇ ਨੂੰ ਤੁਰੰਤ ਪ੍ਰਾਇਮਰੀ ਹੈਲਥ ਸੈਂਟਰ ਮਤਵਾਰ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਫ਼ੋਨ ਦੀ ਬੈਟਰੀ ਫੱਟਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ‘ਚ ਤੁਹਾਡੀ ਲਾਪਰਵਾਹੀ ਪਹਿਲੇ ਨੰਬਰ ‘ਤੇ ਆਉਂਦੀ ਹੈ, ਜੇਕਰ ਤੁਹਾਨੂੰ ਲੱਗ ਰਿਹਾ ਹੈ ਕੀ ਫ਼ੋਨ ਦੀ ਬੈਟਰੀ ਜ਼ਿਆਦਾ ਗਰਮ ਹੋ ਰਹੀ ਹੈ ਤਾਂ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਹਾਲਾਂਕਿ ਲੋਕ ਫਿਰ ਵੀ ਫ਼ੋਨ ਨੂੰ ਲਗਾਤਾਰ ਚਲਾਉਂਦੇ ਹਨ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੈ।
ਜੇ ਤੁਸੀਂ ਆਪਣੇ ਸਮਾਰਟਫ਼ੋਨ ਨੂੰ ਕਿਸੇ ਲੋਕਲ ਚਾਰਜਰ ਜਾਂ ਹੋਰ ਚਾਰਜਰ ਨਾਲ ਚਾਰਜ ਕਰਦੇ ਹੋ ਤਾਂ ਇਹ ਤੁਹਾਡੇ ਫ਼ੋਨ ਅਤੇ ਬੈਟਰੀ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਨੂੰ ਹਮੇਸ਼ਾ ਓਰੀਜਨਲ ਚਾਰਜਰ ਹੀ ਖਰੀਦਣਾ ਚਾਹੀਦਾ ਹੈ।
ਜੇ ਤੁਸੀਂ ਕੋਈ ਸਸਤੀ ਬੈਟਰੀ ਦੀ ਵਰਤੋਂ ਕਰ ਰਹੇ ਹੋ ਤਾਂ ਛੇਤੀ ਗਰਮ ਹੋਣ ਜਾਂ ਬੈਟਰੀ ਫੁੱਲਣ ਜਿਹੀ ਸਮੱਸਿਆਵਾਂ ਕਾਰਨ ਇਸ ‘ਚ ਧਮਾਕਾ ਹੋ ਸਕਦਾ ਹੈ। ਇਸ ਤੋਂ ਇਲਾਵਾ ਚਾਰਜਿੰਗ ਸਰਕਟ ਅਤੇ ਇਨਪੁਟ ਪਾਵਰ ‘ਚ ਕਿਸੇ ਤਰ੍ਹਾਂ ਦਾ ਨੁਕਸ ਆਉਂਦਾ ਹੈ ਤਾਂ ਵੀ ਬੈਟਰੀ ਬਹੁਤ ਜ਼ਿਆਦਾ ਗਰਮ ਹੋ ਸਕਦੀ ਹੈ ਅਤੇ ਫਟ ਸਕਦੀ ਹੈ।

Video Ad
Video Ad