ਮੋਹਾਲੀ ਵਿਚ ਹੋਲੀ ਦੀ ਪਾਰਟੀ ’ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਦੂਜਾ ਜ਼ਖਮੀ

ਮੋਹਾਲੀ, 31 ਮਾਰਚ, ਹ.ਬ. : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਜਰਾ ਵਿਚ ਹੋਲੀ ਦੇ ਰੰਗ ਵਿਚ ਉਸ ਸਮੇਂ ਭੰਗ ਪੈ ਗਿਆ ਜਦ ਪਾਰਟੀ ਵਿਚ ਦੋ ਗੁੱਟ ਆਪਸ ਵਿਚ ਭਿੜ ਗਏ। ਝਗੜੇ ਦੌਰਾਨ ਦੋਵੇਂ ਗੁੱਟਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾਈਆਂ। ਫਾਇਰਿੰਗ ਵਿਚ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ। ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 23 ਸਾਲਾ ਸਤਨਾਮ ਸਿੰਘ ਦੇ ਰੂਪ ਵਿਚ ਹੋਈ ਹੈ। ਜਦ ਕਿ ਦੂਜੇ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਖਰੜ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮਾਮਲੇ ਵਿਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਲੋਕਾਂ ’ਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਤਨਾਮ ਸਿੰਘ ਅਪਣੇ ਰਿਸ਼ਤੇਦਾਰ ਦੇ ਨਾਲ ਪਿੰਡ ਮਾਜਰਾ ਵਿਚ ਸੋਮਵਾਰ ਸ਼ਾਮ ਹੋਲੀ ਦੀ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਉਥੇ ਦੋ ਮੁੰਡੇ ਆਏ, ਜੋ ਦੋਵਾਂ ਦੇ ਪੁਰਾਣੇ ਜਾਣਕਾਰ ਸੀ। ਇਨ੍ਹਾਂ ਦੀ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਪਾਰਟੀ ਵਿਚ ਦੋਵੇਂ ਗੁੱਟਾਂ ਦੇ ਵਿਚਾਲੇ ਫੇਰ ਉਸੇ ਗੱਲ ’ਤੇ ਝਗੜਾ ਹੋ ਗਿਆ। ਇਸ ਦੌਰਾਨ ਬਿੱਲਾ ਨਾਂ ਦੇ ਨੌਜਵਾਨ ਨੇ ਸਤਨਾਮ ਅਤੇ ਉਸ ਦੇ ਰਿਸ਼ਤੇਦਾਰ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਦੋਵੇਂ ਜ਼ਖਮੀ ਹੋ ਗਏ। ਸਤਨਾਮ ਨੂੰ ਪੀਜੀਆਈ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Video Ad
Video Ad