ਨਿਊ ਯਾਰਕ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਮੰਗਲ ਗ੍ਰਹਿ ਤੋਂ ਪਹਿਲੀ ਵਾਰ ਧਰਤੀ ’ਤੇ ਸੁਨੇਹਾ ਭੇਜਣ ਵਿਚ ਸਫ਼ਲਤਾ ਮਿਲ ਗਈ ਹੈ। ਇਹ ਸਿਗਨਲ ਜਾਂ ਸੁਨੇਹਾ ਯੂਰਪੀ ਸਪੇਸ ਏਜੰਸੀ ਦੇ ਐਕਸਮਾਰਸ ਟ੍ਰੇਸ ਗੈਸ ਔਰਬੀਟਰ ਵੱਲੋਂ ਭੇਜਿਆ ਗਿਆ ਹੈ ਜਿਸ ਨੂੰ ਧਰਤੀ ’ਤੇ ਪਹੁੰਚਣ ਵਿਚ 16 ਮਿੰਟ ਲੱਗੇ। ਇਹ ਤਜਰਬਾ ‘ਏ ਸਾਈਨ ਇਨ ਸਪੇਸ’ ਪ੍ਰਾਜੈਕਟ ਤਹਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਇਹ ਪਤਾ ਕਰਨਾ ਹੈ ਕਿ ਜੇ ਕਿਸੇ ਹੋਰ ਗ੍ਰਹਿ ਤੋਂ ਧਰਤੀ ’ਤੇ ਸਿਗਨਲ ਭੇਜਿਆ ਜਾਵੇਗਾ ਤਾਂ ਉਸ ਨੂੰ ਅਸੀਂ ਰਿਸੀਵ ਕਰ ਸਕਾਂਗੇ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਪੁਲਾੜ ਵਿਚ ਚੱਕਰ ਲਾ ਰਹੇ ਟੀ.ਜੀ.ਓ. ਨੂੰ 24 ਮਈ ਦੀ ਰਾਤ ਤਕਰੀਬਨ 9 ਵਜੇ ਸੁਨੇਹਾ ਮਿਲਿਆ ਅਤੇ ਇਸ ਨੂੰ ਧਰਤੀ ’ਤੇ ਵੈਸਟ ਵਰਜੀਨੀਆ ਦੇ ਗਰੀਨ ਬੈਂਕ ਟੈਲੀਸਕੋਪ, ਇਟਲੀ ਦੇ ਮੈਡੀਸੀਨਾ ਰੇਡੀਓ ਐਸਟਰੋਨੌਮੀਕਲ ਸਟੇਸ਼ਨ, ਕੈਲੇਫੋਰਨੀਆ ਦੇ ਐਲਨ ਟੈਲੀਸਕੋਪ ਅਤੇ ਨਿਊ ਮੈਕਸੀਕੋ ਦੇ ਵੈਰੀ ਲਾਰਜ ਐਰੇ ਵਿਖੇ ਪ੍ਰਾਪਤ ਕੀਤਾ ਗਿਆ। ਹੁਣ ਸਿਗਨਲ ਡੀਕੋਡ ਕਰਨ ਵਾਸਤੇ ਪੁਲਾੜ ਵਿਗਿਆਨੀਆਂ ਤੋਂ ਮਦਦ ਮੰਗੀ ਗਈ ਹੈ। ਉਧਰ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਿਗਨਲ ਡੀਕੋਡ ਕਰਨ ਵਾਸਤੇ ਇਕ ਵੱਖਰਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਪਰ ਸੁਨੇਹੇ ਦੀ ਅਸਲੀਅਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ।