
ਭੋਪਾਲ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਐਤਵਾਰ ਨੂੰ 16 ਸਾਲਾ ਲੜਕੀ ਨਾਲ ਇਕ ਨੌਜਵਾਨ ਨੇ ਬਲਾਤਕਾਰ ਕੀਤਾ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਅਤੇ ਮੁਲਜ਼ਮ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਿਆ ਅਤੇ ਪੂਰੇ ਪਿੰਡ ‘ਚ ਜਲੂਸ ਕੱਢਿਆ। ਇੰਨਾ ਹੀ ਨਹੀਂ, ਪਰਿਵਾਰ ਨੇ ਇਸ ਜਲੂਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਵੀ ਪਾ ਦਿੱਤੀ।
ਪੁਲਿਸ ਨੇ ਇਸ ਮਾਮਲੇ ‘ਚ ਬਲਾਤਕਾਰ ਦੇ ਮੁਲਜ਼ਮ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਤੋਂ ਲਗਭਗ 22 ਕਿਲੋਮੀਟਰ ਦੂਰ ਇੱਕ ਪਿੰਡ ‘ਚ ਵਾਪਰੀ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਇਸ ਮਾਮਲੇ ‘ਚ ਪੀੜਤ ਦੀ ਸ਼ਿਕਾਇਤ ‘ਤੇ ਦੋ ਕੇਸ ਦਰਜ ਕੀਤੇ ਗਏ ਹਨ। ਪਹਿਲਾ ਕੇਸ ਬਲਾਤਕਾਰ ਕਰਨ ਵਾਲੇ ਦੋਸ਼ੀ ਵਿਰੁੱਧ ਅਤੇ ਦੂਜਾ ਕੇਸ ਪੀੜਤਾ ਦੇ ਪਰਿਵਾਰ ਵਿਰੁੱਧ ਦਰਜ ਕੀਤਾ ਗਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਬਾਲਿਗ ਬਲਾਤਕਾਰ ਪੀੜਤ ਲੜਕੀ ਨੇ ਐਤਵਾਰ ਨੂੰ ਸਬੰਧਤ ਥਾਣੇ ‘ਚ ਦੋ ਐਫਆਈਆਰ ਦਰਜ ਕਰਵਾਈਆਂ। 21 ਸਾਲਾ ਨੌਜਵਾਨ ਵਿਰੁੱਧ ਬਲਾਤਕਾਰ ਦੇ ਮਾਮਲੇ ‘ਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ ਪੀੜਤਾ ਤੇ ਮੁਲਜ਼ਮ ਨੂੰ ਰੱਸੀ ਨਾਲ ਬੱਨ੍ਹ ਕੇ ਮਾਰਕੁੱਟ ਕਰਨ ਅਤੇ ਉਨ੍ਹਾਂ ਦਾ ਜਲੂਸ ਕੱਢਣ ਸਬੰਧੀ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।