ਯੂਕਰੇਨ ਵਿਚ ਫਰੈਂਡਲੀ ਸਰਕਾਰ ਬਣਨ ਤੋਂ ਬਾਅਦ ਹੀ ਰੁਕਣਗੇ ਹਮਲੇ : ਰੂਸ

ਮਾਸਕੋ, 26 ਸਤੰਬਰ, ਹ.ਬ. : ਰੂਸ ਨੇ ਯੂਕਰੇਨ ’ਤੇ ਆਪਣੇ ਹਮਲਿਆਂ ਦਾ ਬਚਾਅ ਕਰਦੇ ਹੋਏ ਸਪੱਸ਼ਟ ਕਿਹਾ ਹੈ ਕਿ ਕੀਵ ’ਚ ਦੋਸਤਾਨਾ ਸਰਕਾਰ ਬਣਨ ’ਤੇ ਹੀ ਇਹ ਹਮਲੇ ਬੰਦ ਕੀਤੇ ਜਾਣਗੇ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ਆਪਣੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ ਵਿੱਚ ਜ਼ਬਰਦਸਤੀ ਜਨਮਤ ਸਰਵੇਖਣ ਕਰਾਉਣ ਦਾ ਵੀ ਬਚਾਅ ਕੀਤਾ। ਲਾਵਰੋਵ ਨੇ ਕਿਹਾ ਕਿ ਯੂਕਰੇਨ ਦੇ ਇਨ੍ਹਾਂ ਖੇਤਰਾਂ ਵਿੱਚ ਰੂਸੀ ਬੋਲਣ ਵਾਲਿਆਂ ’ਤੇ ਜ਼ੁਲਮ ਕੀਤੇ ਜਾ ਰਹੇ ਸੀ । ਉਨ੍ਹਾਂ ਨੇ ਕਿਹਾ ਕਿ ਜੋ ਹਿੱਸੇ ਅਤੇ ਲੋਕ ਰੂਸ ਵਿਚ ਸ਼ਾਮਲ ਹੋਣਗੇ, ਉਨ੍ਹਾਂ ਦੀ ਹਰ ਹਾਲ ਵਿਚ ਪੂਰੀ ਸੁਰੱਖਿਆ ਕੀਤੀ ਜਾਵੇਗੀ। ਪੱਛਮੀ ਦੇਸ਼ਾਂ ਨੇ ਰੂਸ ਕੋਲ ਫੌਜੀ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਛੱਡਿਆ ਸੀ। ਇਸ ਸਥਿਤੀ ਵਿੱਚ ਰੂਸ ਨੂੰ ਪੱਛਮੀ ਦੇਸ਼ਾਂ ਨੇ ਜ਼ਬਰਦਸਤੀ ਘੜੀਸਿਆ । ਉਨ੍ਹਾਂ ਕਿਹਾ ਕਿ ਕੌਮਾਂਤਰੀ ਵਿਵਸਥਾ ਨੂੰ ਰੂਸ ਨਹੀਂ ਬਲਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਮਿਲ ਕੇ ਕਮਜ਼ੋਰ ਬਣਾ ਰਹੇ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਤਿੰਨ ਲੱਖ ਸੈਨਿਕ ਭੇਜਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਰੂਸ ਵਿੱਚ ਭਗਦੜ ਮਚ ਗਈ। ਕਈ ਨੌਜਵਾਨ ਫੌਜ ਵਿੱਚ ਭਰਤੀ ਹੋਣ ਦੇ ਡਰੋਂ ਰੂਸ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨ ਅਤੇ ਰੂਸ ਦੋਵਾਂ ਨੇ ਐਤਵਾਰ ਨੂੰ ਹੋਏ ਹਮਲੇ ਦਾ ਇੱਕ ਦੂਜੇ ਉੱਤੇ ਇਲਜ਼ਾਮ ਲਗਾਇਆ। ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸ ਨੇ ਪਿਛਲੇ 24 ਘੰਟਿਆਂ ਵਿੱਚ ਕਈ ਨਾਗਰਿਕ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਖੇਰਸਨ ਦੇ ਇਕ ਹੋਟਲ ’ਤੇ ਹਮਲਾ ਕੀਤਾ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ।

Video Ad
Video Ad