ਯੂਪੀ ਦੇ ਬਾਹੁਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਮੋਹਾਲੀ ਕੋਰਟ ਨੇ ਫਿਰ ਭੇਜਿਆ ਰੋਪੜ ਜੇਲ੍ਹ

ਮੋਹਾਲੀ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਯੂਪੀ ਦੇ ਬਾਹੁਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਮੋਹਾਲੀ ਦੀ ਅਦਾਲਤ ਨੇ ਅੱਜ ਫਿਰ ਰੋਪੜ ਜੇਲ੍ਹ ਭੇਜ ਦਿੱਤਾ। ਉਸ ਨੂੰ ਸੈਕਟਰ-70 ਦੇ ਨਾਮੀ ਬਿਲਡਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਰੋਪੜ ਜੇਲ੍ਹ ਤੋਂ ਲਿਆ ਕੇ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਕੋਰਟ ਨੇ ਉਸ ਨੂੰ ਫਿਰ ਤੋਂ ਰੋਪੜ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।
ਕੋਰਟ ’ਚ ਅੰਸਾਰੀ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ, ਜਿਸ ’ਤੇ ਕੋਰਟ ਨੇ ਉਸ ਨੂੰ ਮੁੜ ਰੋਪੜ ਜੇਲ੍ਹ ਭੇਜਿਆ। ਹੁਣ ਅੰਸਾਰੀ ਨੂੰ 12 ਅਪ੍ਰੈਲ ਨੂੰ ਮੁੜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਅੰਸਾਰੀ ਨੂੰ ਅੱਜ ਵ੍ਹੀਲਚੇਅਰ ’ਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਪਿਛਲੇ ਗੇਟ ਰਾਹੀਂ ਕੋਰਟ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਦੱਸ ਦੇਈਏ ਕਿ ਅੰਸਾਰੀ ਜਨਵਰੀ 2019 ਤੋਂ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ। ਮੋਹਾਲੀ ਦੇ ਇੱਕ ਬਿਲਡਰ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਅੰਸਾਰੀ ਨੂੰ ਇੱਥੇ ਰੱਖਿਆ ਗਿਆ ਹੈ। ਯੂਪੀ ਪੁਲਿਸ ਕਈ ਵਾਰ ਮੁਖਤਾਰ ਅੰਸਾਰੀ ਨੂੰ ਆਪਣੇ ਨਾਲ ਲਿਜਾਣ ਦੀ ਮੰਗ ਕਰ ਚੁੱਕੀ ਹੈ, ਪਰ ਹਰ ਵਾਰ ਉਸ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਹਰ ਵਾਰ ਅੰਸਾਰੀ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਗਿਆ। ਅੰਸਾਰੀ ਦੀ ਰੀੜ੍ਹ ਦੀ ਹੱਡੀ ਵਿੱਚ ਤਕਲੀਫ਼ ਦੱਸੀ ਗਈ ਹੈ ਅਤੇ ਉਸ ਨੂੰ ਹਾਈ ਲੈਵਲ ਸ਼ੂਗਰ ਵੀ ਹੈ। ਮੈਡੀਕਲ ਬੋਰਡ ਮੁਤਾਬਕ ਇਸੇ ਕਾਰਨ ਉਹ ਲੰਬਾ ਸਫ਼ਰ ਨਹੀਂ ਕਰਦਾ। ਦੱਸਣਾ ਬਣਦਾ ਹੈ ਕਿ ਅੰਸਾਰੀ ਨੂੰ ਲੈ ਕੇ ਪੰਜਾਬ ਤੇ ਯੂਪੀ ਸਰਕਾਰ ਵਿੱਚ ਟਕਰਾਅ ਚੱਲ ਰਿਹਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅੰਸਾਰੀ ਨੂੰ ਬਚਾਅ ਰਹੀ ਹੈ।

Video Ad
Video Ad