ਯੂਪੀ ਪੰਚਾਇਤ ਚੋਣਾਂ ‘ਚ ਕਿਸਮਤ ਅਜ਼ਮਾਏਗੀ ਫ਼ੇਮਿਨਾ ਮਿਸ ਇੰਡੀਆ

ਜੌਨਪੁਰ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ‘ਚ ਇਸ ਵਾਰ ਬਾਲੀਵੁੱਡ ਦਾ ਤੜਕਾ ਵੀ ਲੱਗਣ ਵਾਲਾ ਹੈ। ‘ਫ਼ੇਮਿਨਾ ਮਿਸ ਇੰਡੀਆ-2015’ ਦੀ ਉਪ ਜੇਤੂ ਦੀਕਸ਼ਾ ਸਿੰਘ ਨੇ ਜੌਨਪੁਰ ਤੋਂ ਜ਼ਿਲ੍ਹਾ ਪੰਚਾਇਤ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਉਸ ਨੇ ਵਾਰਡ ਨੰਬਰ-26 ਬਕਸ਼ਾ ਤੋਂ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਫ਼ਾਰਮ ਵੀ ਖਰੀਦ ਲਿਆ ਹੈ। ਬਾਲੀਵੁੱਡ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਦੀਕਸ਼ਾ ਸਿੰਘ ਘਰ-ਘਰ ਜਾ ਕੇ ਆਪਣੇ ਲਈ ਵੋਟਾਂ ਮੰਗੇਗੀ। ਦੀਕਸ਼ਾ ਬਕਸ਼ਾ ਵਿਕਾਸ ਬਲਾਕ ਖੇਤਰ ਦੇ ਚਿਤੌੜੀ ਪਿੰਡ ਦੇ ਵਸਨੀਕ ਜਤਿੰਦਰ ਸਿੰਘ ਦੀ ਧੀ ਹੈ। ਉਸ ਨੇ ਫ਼ੇਮਿਨਾ ਮਿਸ ਇੰਡੀਆ-2015 ‘ਚ ਹਿੱਸਾ ਲਿਆ। ਉਹ ਇਸ ਮੁਕਾਬਲੇ ‘ਚ ਉਪ ਜੇਤੂ ਰਹੀ ਸੀ।

Video Ad

ਦੀਕਸ਼ਾ ਬਾਲੀਵੁੱਡ ‘ਚ ਸਫ਼ਲਤਾ ਪਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਫ਼ਰਵਰੀ-2021 ‘ਚ ਹੀ ਉਸ ਦੀ ਐਲਬਮ ‘ਰੱਬਾ ਮੇਹਰ ਕਰੇ’ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉਹ ਲੇਖਨ ਦੇ ਖੇਤਰ ‘ਚ ਵੀ ਸਰਗਰਮ ਹੈ। ਉਸ ਨੇ ਬਾਲੀਵੁੱਡ ਫ਼ਿਲਮ ‘ਇਸ਼ਕ ਤੇਰਾ’ ਦੀ ਕਹਾਣੀ ਵੀ ਲਿਖੀ ਹੈ। ਇਸ ਤੋਂ ਇਲਾਵਾ ਉਸ ਨੇ ਪੈਂਟੀਨ, ਪੈਰਾਸ਼ੂਟ ਆਇਲ, ਸਨੈਪ ਡੀਲ ਜਿਹੀਆਂ ਕਈ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ ‘ਚ ਵੀ ਕੰਮ ਕੀਤਾ ਹੈ।

ਦੀਕਸ਼ਾ ਨੇ ਆਪਣੀ ਸਿਆਸੀ ਪਾਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਦਲਾਵ ਦੀ ਸੋਚ ਨਾਲ ਚੋਣ ਮੈਦਾਨ ‘ਚ ਆ ਰਹੀ ਹੈ। ਉਸ ਨੇ ਦੱਸਿਆ ਕਿ ਉਹ ਕਾਲਜ ਸਮੇਂ ਤੋਂ ਹੀ ਮੁਕਾਬਲਿਆਂ ਅਤੇ ਸਿਆਸੀ ਬਹਿਸਾਂ ‘ਚ ਭਾਗ ਲੈਂਦੀ ਆ ਰਹੀ ਹੈ। ਪੰਚਾਇਤੀ ਚੋਣਾਂ ਦੇ ਜ਼ਰੀਏ ਉਹ ਜ਼ਮੀਨੀ ਪੱਧਰ ‘ਤੇ ਕੁਝ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੌਨਪੁਰ ਅਜੇ ਕਈ ਸ਼ਹਿਰਾਂ ਤੋਂ ਬਹੁਤ ਪਿੱਛੇ ਹੈ। ਉਹ ਚੋਣ ਜਿੱਤਣ ਤੋਂ ਬਾਅਦ ਸਾਰੀਆਂ ਸਹੂਲਤਾਂ ਨੂੰ ਇੱਥੇ ਲਿਆਉਣਾ ਚਾਹੁੰਦੀ ਹੈ।

ਦੀਕਸ਼ਾ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਰਾਜਨੀਤੀ ‘ਚ ਉਨ੍ਹਾਂ ਦੇ ਆਦਰਸ਼ ਹਨ। ਦੀਕਸ਼ਾ ਸਮੇਂ-ਸਮੇਂ ‘ਤੇ ਪਿੰਡ ਆਉਂਦੀ ਰਹਿੰਦੀ ਹੈ। ਦੀਕਸ਼ਾ ਨੇ ਕਿਹਾ ਕਿ ਉਸ ਨੂੰ ਆਪਣੇ ਪਿੰਡ ਦਾ ਵਿਕਾਸ ਦੀ ਦੌੜ ‘ਚ ਪਿੱਛੇ ਰਹਿ ਜਾਣਾ ਕਾਫ਼ੀ ਬੁਰਾ ਲੱਗਦਾ ਹੈ। ਇਸੇ ਨੂੰ ਦੂਰ ਕਰਨ ਲਈ ਉਹ ਚੋਣ ਮੈਦਾਨ ‘ਚ ਨਿੱਤਰੀ ਹੈ।

Video Ad