Home ਤਾਜ਼ਾ ਖਬਰਾਂ ਯੋਗੀ ਦੇ ਮੰਤਰੀ ਦਾ ਬਿਆਨ – ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਆਜ਼ਾਦੀ ਦਿੱਤੀ ਜਾਵੇਗੀ

ਯੋਗੀ ਦੇ ਮੰਤਰੀ ਦਾ ਬਿਆਨ – ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਆਜ਼ਾਦੀ ਦਿੱਤੀ ਜਾਵੇਗੀ

0
ਯੋਗੀ ਦੇ ਮੰਤਰੀ ਦਾ ਬਿਆਨ – ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਆਜ਼ਾਦੀ ਦਿੱਤੀ ਜਾਵੇਗੀ

ਲਖਨਊ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ‘ਚ ਤਿੰਨ ਤਲਾਕ ਦੀ ਤਰਜ਼ ‘ਤੇ ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਵੀ ਮੁਕਤੀ ਦਿਲਾਈ ਜਾਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ੁਕਲਾ ਨੇ ਡੀਐਮ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਲਾਊਡਸਪੀਕਰ ਤੋਂ ਹੋਣ ਵਾਲੀ ਅਜਾਨ ਨਾਲ ਪ੍ਰੇਸ਼ਾਨੀ ਹੋ ਰਹੀ ਸੀ।
ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੁਕਲਾ ਨੇ ਕਿਹਾ ਕਿ ਬਹੁਤ ਸਾਰੇ ਮੁਸਲਮਾਨ ਦੇਸ਼ਾਂ ‘ਚ ਬੁਰਕੇ ‘ਤੇ ਪਾਬੰਦੀ ਹੈ ਅਤੇ ਇਹ ਅਣਮਨੁੱਖੀ ਵਿਵਹਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਕਸਿਤ ਸੋਚ ਰੱਖਣ ਵਾਲੇ ਲੋਕ ਨਾ ਤਾਂ ਬੁਰਕਾ ਪਹਿਨ ਰਹੇ ਹਨ ਅਤੇ ਨਾ ਹੀ ਇਸ ਨੂੰ ਉਤਸ਼ਾਹਿਤ ਕਰ ਰਹੇ ਹਨ।
ਮੰਗਲਵਾਰ ਨੂੰ ਅਜ਼ਾਨ ਦੇ ਸਬੰਧ ‘ਚ ਆਪਣੇ ਬਿਆਨ ‘ਤੇ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਕ ਚਿੱਠੀ ਲਿਖੀ ਹੈ, ਜਿਸ ‘ਚ ਆਮ ਲੋਕਾਂ ਦੀ ਸ਼ਿਕਾਇਤ ‘ਤੇ ਮਸਜਿਦ ‘ਚ ਲਾਊਡ ਸਪੀਕਰ ਲਗਾਏ ਜਾਣ ਕਾਰਨ ਆਈ ਮੁਸ਼ਕਲ ਦਾ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਤੜਕੇ 4 ਵਜੇ ਅਜਾਨ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਚੰਦੇ ਨੂੰ ਲੈ ਕੇ ਚਾਰ ਤੋਂ ਪੰਜ ਘੰਟੇ ਸੂਚਨਾ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਕਾਰਨ, ਉਨ੍ਹਾਂ ਨੂੰ ਪੂਜਾ, ਯੋਗਾ, ਕਸਰਤ ਅਤੇ ਅਧਿਕਾਰਤ ਕੰਮ ‘ਚ ਮੁਸ਼ਕਲ ਆਉਂਦੀ ਹੈ। ਮੰਤਰੀ ਨੇ ਕਿਹਾ ਕਿ ਆਮ ਲੋਕ ਡਾਇਲ 112 ‘ਤੇ ਕਾਲ ਕਰ ਸਕਦੇ ਹਨ ਅਤੇ ਮਸਜਿਦ ‘ਚ ਲਾਊਡ ਸਪੀਕਰ ਲਗਾਏ ਜਾਣ ਕਾਰਨ ਹੋਈ ਮੁਸ਼ਕਲ ਦੀ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖੀ ਚਿੱਠੀ ‘ਤੇ ਕਾਰਵਾਈ ਹੋਵੇਗੀ। ਸ਼ੁਕਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਚਿੱਠੀ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਗਲੇਰੇ ਕਦਮ ਚੁੱਕਣਗੇ।
ਜ਼ਿਕਰਯੋਗ ਹੈ ਕਿ ਅਜਾਨ ਅਤੇ ਬੁਰਕੇ ਬਾਰੇ ਦਿੱਤੇ ਬਿਆਨ ਤੋਂ ਪਹਿਲਾਂ ਵੀ ਆਨੰਦ ਸਵਰੂਪ ਸ਼ੁਕਲਾ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਚਰਚਾ ‘ਚ ਰਹੇ ਹਨ। ਸ਼ੁਕਲਾ ਨੇ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਡਾ. ਅਬਦੁਲ ਕਲਾਮ ਆਜ਼ਾਦ ਬਾਰੇ ਵੀ ਬੇਤੁੱਕੀ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਭਾਰਤੀ ਨਾਇਕਾਂ ਛਤਰਪਤੀ ਸ਼ਿਵਾਜੀ ਅਤੇ ਮਹਾਰਾਣਾ ਪ੍ਰਤਾਪ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਇਹ ਵੀ ਕਿਹਾ ਸੀ ਕਿ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਡਾ. ਅਬਦੁਲ ਕਲਾਮ ਦੇ ਦਿਲ ‘ਚ ਆਜ਼ਾਦ ਦਾ ਭਾਰਤ ਅਤੇ ਭਾਰਤੀਅਤ ਪ੍ਰਤੀ ਕੋਈ ਸਥਾਨ ਨਹੀਂ ਹੈ।
ਦਸੰਬਰ ‘ਚ ਚੰਦਰਸ਼ੇਖਰ ਯੂਨੀਵਰਸਿਟੀ ਦੇ ਪ੍ਰੋਗਰਾਮ ‘ਚ ਸ਼ੁਕਲਾ ਨੇ ਇਹ ਵੀ ਕਿਹਾ ਸੀ ਕਿ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆ ਕੇ ਸਾਡੀ ਰੱਖਿਆ ਕਰਨ ਦੀ ਤਾਕੀਦ ਕੀਤੀ ਸੀ ਤਾਂ ਔਰੰਗਜ਼ੇਬ ਦੀ ਫ਼ੌਜ ਸਾਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੀ ਸੀ। ਗੁਰੂ ਜੀ ਔਰੰਗਜੇਬ ਕੋਲ ਗਏ ਅਤੇ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਗਿਆ, ਪਰ ਇਸ ਨੂੰ ਇਤਿਹਾਸ ਤੋਂ ਹਟਾ ਦਿੱਤਾ ਗਿਆ। ਜੋ ਚੀਜ਼ਾਂ ਵਿਖਾਈਆਂ ਗਈਆਂ ਹਨ, ਉਸ ‘ਚ ਅਕਬਰ ਮਹਾਨ ਸ਼ਾਮਲ ਹੈ, ਜਦਕਿ ਅਕਬਰ ਦੇ ਸਮਕਾਲੀ ਇਸਲਾਮੀ ਇਤਿਹਾਸਕਾਰਾਂ ਨੇ ਉਸ ਨੂੰ ਕਦੇ ਮਹਾਨ ਨਹੀਂ ਕਿਹਾ।