
ਸੀਕਰ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਅਰਨੀਆ ‘ਚ ਕੋਰੋਨਾ ਟੀਕਾ ਲਗਵਾਉਣ ਤੋਂ 45 ਮਿੰਟ ਬਾਅਦ ਇਕ ਬਜ਼ੁਰਗ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਸ਼ੁੱਕਰਵਾਰ ਦੁਪਹਿਰ ਲਗਭਗ 3 ਵਜੇ ਟੀਕਾ ਲਗਵਾਇਆ ਸੀ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਬਜ਼ੁਰਗ ਨੂੰ ਕੋਈ ਬਿਮਾਰੀ ਨਹੀਂ ਸੀ। ਅਜਿਹੀ ਸਥਿਤੀ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ।
ਦਰਅਸਲ, ਇਹ ਮਾਮਲਾ ਅਰਨੀਆ ਦਾ ਹੈ, ਜਿੱਥੇ ਬਾਗਵਾਲੀ ਢਾਣੀ ਦਾ ਰਹਿਣ ਵਾਲਾ ਰਮੇਸ਼ਵਰ (66) ਕੋਰੋਨਾ ਟੀਕ ਲਗਵਾਉਣ ਆਇਆ ਸੀ। ਬਜ਼ੁਰਗਾਂ ਨੂੰ ਦਪਹਿਰ ਲਗਭਗ 3 ਵਜੇ ਟੀਕਾ ਲਗਾਇਆ ਗਿਆ। 20 ਮਿੰਟ ਬਾਅਦ ਉਸ ਨੇ ਆਪਣੇ ਸਰੀਰ ‘ਚ ਕੰਬਣੀ ਮਹਿਸੂਸ ਕੀਤੀ ਅਤੇ ਕੁਝ ਦੇਰ ਬਾਅਦ ਉਸ ਦੇ ਮੂੰਹ ‘ਚੋਂ ਝੱਗ ਆਉਣੀ ਸ਼ੁਰੂ ਹੋ ਗਈ। ਉਸ ਨੂੰ ਤੁਰੰਤ ਨੇੜੇ ਸਥਿੱਤ ਜੇ.ਡੀ. ਹਸਪਤਾਲ ‘ਚ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ‘ਚ ਜੈਪੁਰ ਰੈਫ਼ਰ ਕਰ ਦਿੱਤਾ ਗਿਆ, ਪਰ ਰਾਮੇਸ਼ਵਰ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ।
ਮ੍ਰਿਤਕ ਰਾਮੇਸ਼ਵਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਉਸ ਨੂੰ ਕੋਰੋਨਾ ਵੀ ਨਹੀਂ ਸੀ। ਟੀਕਾਕਰਨ ਮੁਹਿੰਮ ਤਹਿਤ ਉਹ ਘਰੋਂ ਖਾਣਾ ਖਾਣ ਤੋਂ ਬਾਅਦ ਟੀਕਾ ਲਗਵਾਉਣ ਗਿਆ ਸੀ। ਮ੍ਰਿਤਕ ਦੇ ਪਿੰਡ ਵਾਸੀ ਲਾਸ਼ ਨੂੰ ਲੈਣ ਜਦੋਂ ਹਸਪਤਾਲ ਪਹੁੰਚੇ ਤਾਂ ਪੁਲਿਸ ਵਾਲਿਆਂ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ, ਕਿਉਂਕਿ ਪਿੰਡ ਵਾਲੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ। ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ, ਪੁਲਿਸ ਅਤੇ ਪਿੰਡ ਵਾਸੀਆਂ ‘ਚ ਕਾਫ਼ੀ ਸਮੇਂ ਤਕ ਬਹਿਸ ਹੋਈ, ਪਰ ਪ੍ਰਸ਼ਾਸਨ ਨੇ ਲਾਸ਼ ਨਾ ਦਿੱਤੀ।
ਬਜ਼ੁਰਗ ਦੀ ਮੌਤ ਦੇ ਮਾਮਲੇ ‘ਚ ਐਸਡੀਐਮ ਲਕਸ਼ਮੀਕਾਂਤ ਗੁਪਤਾ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ। ਮ੍ਰਿਤਕ ਰਾਮੇਸ਼ਵਰ ਪ੍ਰਸਾਦ ਤੋਂ ਇਲਾਵਾ ਅਰਨੀਆ ‘ਚ 518 ਲੋਕਾਂ ਦਾ ਟੀਕਾ ਲਗਾਇਆ ਗਿਆ ਹੈ। ਕਿਸੇ ਹੋਰ ਵਿਅਕਤੀ ਨਾਲ ਕੋਈ ਸਮੱਸਿਆ ਨਹੀਂ ਹੋਈ।