ਰਾਜਸਥਾਨ ‘ਚ ਏਸੀਬੀ ਨੂੰ ਵੇਖ ਤਹਿਸੀਲਦਾਰ ਨੇ ਚੁੱਲ੍ਹੇ ‘ਚ ਸਾੜ ਦਿੱਤੇ 20 ਲੱਖ ਰੁਪਏ

ਸਿਰੋਹੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ‘ਚ ਬੇਲਗਾਮ ਭ੍ਰਿਸ਼ਟਾਚਾਰ ਦੇ ਨਵੇਂ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਰਿਸ਼ਵਤਖੋਰੀ ਦੇ ਇਕ ਮਾਮਲੇ ‘ਚ ਸਿਰੋਹੀ ਜ਼ਿਲ੍ਹੇ ਦੇ ਪਿੰਡਵਾੜਾ ਤਹਿਸੀਲ ਦੇ ਤਹਿਸੀਲਦਾਰ ਦੇ ਘਰ ਛਾਪਾ ਮਾਰਨ ਗਈ ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਦੀ ਟੀਮ ਨੂੰ ਵੇਖ ਮੁਲਜ਼ਮ ਤਹਿਸੀਲਦਾਰ ਨੇ ਲੱਖਾਂ ਰੁਪਏ ਗੈਸ ਚੁੱਲ੍ਹੇ ‘ਤੇ ਰੱਖ ਕੇ ਸਾੜ ਦਿੱਤੇ। ਤਹਿਸੀਲਦਾਰ ਘਰ ਦੇ ਅੰਦਰ ਨਕਦੀ ਸਾੜਦਾ ਰਿਹਾ ਅਤੇ ਏਸੀਬੀ ਬਾਹਰ ਦਰਵਾਜ਼ਾ ਖੜਕਾਉਂਦੀ ਰਹੀ। ਆਖਰਕਾਰ ਏਸੀਬੀ ਨੇ ਦਰਵਾਜ਼ਾ ਤੋੜ ਕੇ ਮੁਲਜ਼ਮ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਬੀ ਅਧਿਕਾਰੀਆਂ ਨੇ ਉਥੋਂ ਵੱਡੀ ਮਾਤਰਾ ‘ਚ ਅਣਗਿਣਤ ਪੈਸੇ ਵੀ ਬਰਾਮਦ ਕੀਤੇ ਹਨ।
ਬਿਊਰੋ ਅਨੁਸਾਰ ਭ੍ਰਿਸ਼ਟਾਚਾਰ ਵਿਰੁੱਧ ਜ਼ਿਲ੍ਹੇ ‘ਚ ਇਹ ਕਾਰਵਾਈ ਬੁੱਧਵਾਰ ਦੁਪਹਿਰ ਸ਼ੁਰੂ ਕੀਤੀ ਗਈ। ਬਿਊਰੋ ਨੇ ਸ਼ਾਮੀਂ 4 ਵਜੇ ਸਰੂਪਗੰਜ ਦੇ ਭਾਂਵਾਰੀ ਪੁਲੀਆ ਦੇ ਮਾਲ ਵਿਭਾਗ ਦੇ ਰੈਵੀਨਿਊ ਇੰਸਪੈਕਟਰ ਪਰਵਤ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਤਹਿਸੀਲਦਾਰ ਕਲਪੇਸ਼ ਜੈਨ ਲਈ ਇਹ ਰਿਸ਼ਵਤ ਲੈਣ ਦੀ ਗੱਲ ਕਹੀ ਸੀ। ਇਸ ‘ਤੇ ਬਿਊਰੋ ਦੀ ਟੀਮ ਉਸ ਨੂੰ ਨਾਲ ਲੈ ਕੇ ਪਿੰਡਵਾੜਾ ਤਹਿਸੀਲਦਾਰ ਦਫ਼ਤਰ ਪਹੁੰਚੀ। ਪਰ ਇਸ ਦੌਰਾਨ ਤਹਿਸੀਲਦਾਰ ਨੂੰ ਕਿਸੇ ਵੱਲੋਂ ਏਸੀਬੀ ਦੀ ਕਾਰਵਾਈ ਦੀ ਭਿਣਕ ਮਿਲ ਗਈ।
ਇਸ ਮਗਰੋਂ ਤਹਿਸੀਲਦਾਰ ਕਲਪੇਸ਼ ਜੈਨ ਆਪਣੇ ਘਰ ਪਹੁੰਚ ਗਿਆ। ਏਸੀਬੀ ਵੀ ਉਸ ਦੇ ਮਗਰ ਉਸ ਦੇ ਘਰ ਪਹੁੰਚ ਗਈ, ਪਰ ਤਹਿਸੀਲਦਾਰ ਨੇ ਦਰਵਾਜ਼ਾ ਨਾ ਖੋਲ੍ਹਿਆ ਅਤੇ ਉਸ ਨੇ ਘਰ ‘ਚ ਪਈ ਲੱਖਾਂ ਰੁਪਏ ਦੀ ਨਕਦੀ ਗੈਸ ਚੁੱਲ੍ਹੇ ‘ਤੇ ਰੱਖ ਕੇ ਸਾੜਨੀ ਸ਼ੁਰੂ ਕਰ ਦਿੱਤੀ। ਬਾਅਦ ‘ਚ ਏਸੀਬੀ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਲਗਭਗ 1 ਘੰਟੇ ਤਕ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਏਸੀਬੀ ਟੀਮ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਅਤੇ ਤਹਿਸੀਲਦਾਰ ਕਲਪੇਸ਼ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ। ਪਰ ਉਦੋਂ ਤਕ ਉਸ ਨੇ ਲੱਖਾਂ ਰੁਪਏ ਦੀ ਨਕਦੀ ਸਾੜ ਦਿੱਤੀ ਸੀ। ਏਸੀਬੀ ਨੇ ਉਥੋਂ ਅੱਧ ਸੜੇ ਨੋਟ ਬਰਾਮਦ ਕੀਤੇ ਹਨ। ਏਸੀਬੀ ਅਨੁਸਾਰ ਤਹਿਸੀਲਦਾਰ ਨੇ ਲਗਭਗ 20 ਲੱਖ ਰੁਪਏ ਸਾੜੇ।

Video Ad

ਇਹ ਪੂਰਾ ਮਾਮਲਾ ਹੈ
ਦਰਅਸਲ, ਸਰਕਾਰੀ ਜ਼ਮੀਨ ਤੋਂ ਤੇਂਦੂਪੱਤਾ ਅਤੇ ਆਂਵਲੇ ਦੀ ਛਾਲ ਦਾ ਟੈਂਡਰ ਪਾਸ ਕਰਵਾਉਣ ਲਈ ਪਿੰਡਵਾੜਾ ਤਹਿਸੀਲਦਾਰ ਨੇ ਠੇਕੇਦਾਰ ਤੋਂ 5 ਲੱਖ ਰੁਪਏ ‘ਚ ਸੌਦਾ ਤੈਅ ਕੀਤਾ ਸੀ। ਬਾਅਦ ‘ਚ ਰੈਵੀਨਿਊ ਇੰਸਪੈਕਟਰ ਰਾਹੀਂ 1 ਲੱਖ ਰੁਪਏ ਦੀ ਰਿਸ਼ਵਤ ਲੈਣੀ ਤੈਅ ਹੋਈ ਸੀ। ਜਦੋਂ ਏਸੀਬੀ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਰਿਸ਼ਵਤ ਲੈਂਦਿਆਂ ਰੈਵੀਨਿਊ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ।

Video Ad