Home ਤਾਜ਼ਾ ਖਬਰਾਂ ਰਾਜਸਥਾਨ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ‘ਤੇ ਹਮਲਾ, ਕਾਰ ਦਾ ਸ਼ੀਸ਼ਾ ਟੁੱਟਿਆ

ਰਾਜਸਥਾਨ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ‘ਤੇ ਹਮਲਾ, ਕਾਰ ਦਾ ਸ਼ੀਸ਼ਾ ਟੁੱਟਿਆ

0
ਰਾਜਸਥਾਨ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ‘ਤੇ ਹਮਲਾ, ਕਾਰ ਦਾ ਸ਼ੀਸ਼ਾ ਟੁੱਟਿਆ

ਅਲਵਰ, , 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕਿਸਾਨ ਅੰਦੋਲਨ ਦੇ ਮੁੱਖ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ‘ਤੇ ਸ਼ੁੱਕਰਵਾਰ ਨੂੰ ਰਾਜਸਥਾਨ ‘ਚ ਭੀੜ ਨੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਰਾਕੇਸ਼ ਟਿਕੈਤ ਅਲਵਰ ਦੇ ਹਰਸੌਰਾ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਨਸੂਰ ਜਾ ਰਹੇ ਸਨ। ਇਸ ਦੌਰਾਨ ਤਤਾਰਪੁਰ ‘ਚ ਭੀੜ ਨੇ ਰਾਕੇਸ਼ ਟਿਕੈਟ ਦੇ ਕਾਫ਼ਲੇ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਰਾਕੇਸ਼ ਟਿਕੈਤ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਇਕ ਸ਼ਰਾਰਤੀ ਸ਼ਖ਼ਸ ਨੇ ਟਿਕੈਤ ਉੱਤੇ ਸਿਆਹੀ ਵੀ ਸੁੱਟੀ। ਹਾਲਾਂਕਿ ਸਮੇਂ ਰਹਿੰਦੇ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾ ਲਿਆ ਅਤੇ ਸੁਰੱਖਿਆ ਘੇਰੇ ‘ਚ ਰਾਕੇਸ਼ ਟਿਕੈਤ ਨੂੰ ਉੱਥੋਂ ਬਾਹਰ ਕੱਢਿਆ ਗਿਆ। ਪੁਲਿਸ ਸੁਰੱਖਿਆ ਦੇ ਵਿਚਕਾਰ ਟਿਕੈਤ ਨੂੰ ਉਥੋਂ ਬਾਨਸੂਰ ਪਹੁੰਚਾਇਆ ਗਿਆ।

ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਨੂੰ ਲੈ ਕੇ ਕਿਸਾਨ ਅੰਦੋਲਨ ਦੀ ਸਟੇਜ਼ ਤੋਂ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕਿਸਾਨ ਆਗੂਆਂ ਨੇ ਇਸ ਹਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬਾਨਸੂਰ ਦੀ ਕਿਸਾਨ ਸਭਾ ਦੇ ਮੰਚ ਤੋਂ ਕਿਹਾ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ। ਭਾਜਪਾ ਉੱਤੇ ਇਸ ਹਮਲੇ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ, “ਰਾਜਸਥਾਨ ‘ਚ ਵੀ ਭਾਜਪਾ ਦੀ ਹਾਲਤ ਹਰਿਆਣਾ ਅਤੇ ਪੰਜਾਬ ਵਰਗੀ ਹੋਵੇਗੀ। ਰਾਜਸਥਾਨ ਦੇ ਕਿਸਾਨਾਂ ਨੇ ਭਾਜਪਾ ਨੂੰ ਪਹਿਲਾਂ ਹੀ ਧੂੜ ਚਟਾਈ ਹੈ ਅਤੇ ਜੇ ਇਸ ਤਰ੍ਹਾਂ ਦੀ ਗਲਤ ਹਰਕਤ ਦੁਬਾਰਾ ਕੀਤੀ ਤਾਂ ਇਨ੍ਹਾਂ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਜੁੱਤੀਆਂ ਮਾਰਨਗੇ।”

ਟਿਕੈਤ ਦੇ ਕਾਫ਼ਲੇ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਅਲਵਰ ਦੇ ਪਿੰਡ ਹਰਸੋਰਾ ਤੋਂ ਬਾਨਸੂਰ ਵੱਲ ਜਾ ਰਹੇ ਸਨ। ਉਸੇ ਸਮੇਂ ਉਨ੍ਹਾਂ ਦੇ ਕਾਫ਼ਲੇ ‘ਤੇ ਤਤਾਰਪੁਰ ਪਿੰਡ ਦੇ ਨੇੜੇ ਹਮਲਾ ਕਰ ਦਿੱਤਾ ਗਿਆ। ਟਿਕੈਤ ਸ਼ੁੱਕਰਵਾਰ ਨੂੰ ਹਰਸੋਰਾ ‘ਚ ਇੱਕ ਇਕੱਠ ਨੂੰ ਸੰਬੋਧਨ ਕਰਨ ਲਈ ਆਏ ਸਨ। ਸੰਬੋਧਨ ਖ਼ਤਮ ਹੋਣ ਤੋਂ ਬਾਅਦ ਉਹ ਬਾਨਸੂਰ ਲਈ ਰਵਾਨਾ ਹੋਏ ਸਨ। ਟਿਕੈਤ ਨੇ ਆਪਣੇ ਇਕ ਟਵੀਟ ‘ਚ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ‘ਚ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਕੁਝ ਲੋਕ ਸੜਕ ‘ਤੇ ਨਾਅਰੇਬਾਜ਼ੀ ਕਰਦੇ ਵਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਰਾਕੇਸ਼ ਟਿਕੈਤ ਦੇਸ਼ ਭਰ ‘ਚ ਘੁੰਮ ਕੇ ਮਹਾਂਪੰਚਾਇਤ ਅਤੇ ਹੋਰ ਸੰਭਾਵਾਂ ਨੂੰ ਸੰਬੋਧਤ ਕਰ ਰਹੇ ਹਨ। ਸ਼ੁੱਕਰਵਾਰ ਨੂੰ ਉਹ ਰਾਜਸਥਾਨ ‘ਚ ਦੋ ਪੰਚਾਇਤਾਂ ਨੂੰ ਸੰਬੋਧਨ ਕਰਨ ਆਏ ਸਨ।