ਰਾਜਸਥਾਨ ਮਗਰੋਂ ਝਾਰਖੰਡ ’ਚ ਵਾਪਰਿਆ ਦਰਦਨਾਕ ਹਾਦਸਾ, ਟੋਭੇ ’ਚ ਡੁੱਬੇ 5 ਬੱਚੇ

ਹਜਾਰੀਬਾਗ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਵਿੱਚ ਬੀਤੇ ਦਿਨੀਂ ਹੋਈ ਪੰਜ ਬੱਚਿਆਂ ਦੀ ਮੌਤ ਮਗਰੋਂ ਹੁਣ ਝਾਰਖੰਡ ਤੋਂ ਵੀ ਮਾੜੀ ਖ਼ਬਰ ਆ ਰਹੀ ਹੈ, ਜਿੱਥੋਂ ਦੇ ਹਜ਼ਾਰੀਬਾਗ ਵਿੱਚ 5 ਮਾਸੂਮ ਬੱਚੇ ਇੱਕ ਟੋਭੇ ਵਿੱਚ ਡੁੱਬ ਗਏ। ਮ੍ਰਿਤਕਾਂ ’ਚ 3 ਮੁੰਡੇ ਤੇ 2 ਕੁੜੀਆਂ ਸ਼ਾਮਲ ਹਨ। ਇਹ ਸਾਰੇ ਗਰੀਬ ਪਰਿਵਾਰਾਂ ਤੋਂ ਸਨ ਅਤੇ ਉਨ੍ਹਾਂ ਦੀ ਉਮਰ 10 ਤੋਂ 12 ਸਾਲ ਵਿਚਕਾਰ ਸੀ।
ਹਜ਼ਾਰੀਬਾਗ ਵਿੱਚ 5 ਮਾਸੂਮ ਬੱਚੇ ਨਹਾਉਣ ਲਈ ਇੱਕ ਟੋਭੇ ਵਿੱਚ ਗਏ ਸਨ। ਖੇਡਦੇ-ਖੇਡਦੇ ਇਹ ਸਾਰੇ ਮਾਸੂਮ ਡੂੰਘੇ ਪਾਣੀ ਵਿੱਚ ਚਲੇ ਗਏ, ਜਿੱਥੋਂ ਉਨ੍ਹਾਂ ਕੋਲੋਂ ਬਾਹਰ ਨਹੀਂ ਨਿਕਲਿਆ ਗਿਆ ਤੇ ਉਹ ਸਾਰੇ ਹੀ ਡੁੱਬ ਗਏ। ਕੁਝ ਔਰਤਾਂ ਟੋਭੇ ’ਚ ਕੱਪੜੇ ਧੋ ਰਹੀਆਂ ਸਨ। ਉਨ੍ਹਾਂ ਨੇ ਬੱਚਿਆਂ ਨੂੰ ਡੁੱਬਦਾ ਹੋਇਆ ਦੇਖ ਕੇ ਰੌਲ਼ਾ ਪਾ ਦਿੱਤਾ। ਰੌਲ਼ਾ ਸੁਣ ਕੇ ਮੌਕੇ ’ਤੇ ਪੁੱਜੇ ਲੋਕ ਔਰਤਾਂ ਕੋਲੋਂ ਸਾੜੀ ਲੈ ਕੇ ਪਾਣੀ ਵਿੱਚ ਉਤਰੇ ਅਤੇ ਬੱਚਿਆਂ ਨੂੰ ਬਚਾਉਣ ਦਾ ਯਤਨ ਕੀਤਾ, ਪਰ ਜਦੋਂ ਤੱਕ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ ਦੀ ਪਛਾਣ ਕਾਜਲ ਕੁਮਾਰੀ (12 ਸਾਲ), ਗੋਲ਼ੂ ਕੁਮਾਰ (12 ਸਾਲ), ਨਿਵਿਤਾ ਕੁਮਾਰੀ (13 ਸਾਲ), ਦੁਰਗਾ ਕੁਮਾਰੀ (12 ਸਾਲ) ਅਤੇ ਰਿਆ ਕੁਮਾਰੀ (12 ਸਾਲ) ਵਜੋਂ ਹੋਈ। ਇਸ ਦਰਦਨਾਕ ਘਟਨਾ ਮਗਰੋਂ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ।
ਦੱਸ ਦੇਈਏ ਕਿ ਬੀਤੇ ਦਿਨੀਂ ਰਾਜਸਥਾਨ ਦੇ ਬੀਕਾਨੇਰ ਦੇ ਹਿੰਮਤਪੁਰਾ ਪਿੰਡ ਵਿੱਚ 5 ਬੱਚੇ ਅਨਾਜ ਦੀ ਟੈਂਕੀ ਵਿੱਚੋਂ ਮ੍ਰਿਤਕ ਮਿਲੇ ਸਨ। ਇਹ ਸਾਰੇ ਲੁੱਕਣ-ਮਿੱਚੀ ਖੇਡਦੇ ਹੋਏ ਘਰ ਵਿੱਚ ਰੱਖੀ ਅਨਾਜ ਦੀ ਟੈਂਕੀ ਵਿੱਚ ਵੜ ਗਏ ਸਨ।
ਤਦ ਉਸ ਟੈਂਕੀ ਦਾ ਢੱਕਣ ਅਚਾਨਕ ਬੰਦ ਹੋ ਗਿਆ ਅਤੇ ਦਮ ਘੁਟਣ ਕਾਰਨ ਇਨ੍ਹਾਂ ਪੰਜੇ ਮਾਸੂਮਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਵਿੱਚ 4 ਬੱਚੇ ਸਕੇ ਭੈਣ-ਭਰਾ ਸਨ, ਜਿਨ੍ਹਾਂ ਦੀ ਪਛਾਣ ਕਿਸਾਨ ਭੀਆਰਾਮ ਦੇ ਬੇਟੇ ਸੇਵਾਰਾਮ (4 ਸਾਲ), ਧੀਆਂ ਰਵੀਨਾ (7 ਸਾਲ), ਰਾਧਾ (5 ਸਾਲ) ਅਤੇ ਟਿੰਕੂ ਉਰਫ਼ ਪੂਨਮ (8 ਸਾਲ) ਵਜੋਂ ਹੋਈ। ਜਦਕਿ ਪੰਜਵੀਂ ਬੱਚੀ ਕਿਸਾਨ ਭੀਆਰਾਮ ਦੀ ਭਾਣਜੀ ਮਾਲੀ ਪੁੱਤਰੀ ਮਘਾਰਾਮ ਸੀ।

Video Ad
Video Ad